ਸ਼੍ਰੋਮਣੀ ਅਕਾਲੀ ਦਲ ਨੇ ਆਰਮੀ ਚੀਫ ਜੇ.ਜੇ. ਸਿੰਘ ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨਿਆ
ਕੈਪਟਨ ਅਮਰਿੰਦਰ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ : ਸੁਖਬੀਰ ਬਾਦਲ
ਪਟਿਆਲਾ/ਚੰਡੀਗੜ੍ਹ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸਾਬਕਾ ਆਰਮੀ ਚੀਫ ਜੇ.ਜੇ. ਸਿੰਘ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸੀਟ ਨੂੰ ਹਰ ਵਾਰ ਆਪਣੀ ਮੁਸ਼ਤੈਨੀ ਸੀਟ ਬਣਾਈ ਬੈਠਾ ਹੈ, ਜਿਸ ਦਾ ਭਰਮ ਭੁਲੇਖਾ ਦੂਰ ਕਰਨ ਲਈ ਗੱਠਜੋੜ ਵੱਲੋਂ ਜਨਰਲ ਜੇ.ਜੇ. ਸਿੰਘ ਚੋਣ ਮੈਦਾਨ ਵਿਚ ਉਤਾਰੇ ਗਏ ਹਨ, ਜੋ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੀ ਹਾਰ ਦੇਣ ਦੀ ਸਮਰਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਉਪਰੰਤ ਉਮੀਦਵਾਰ ਜੇ.ਜੇ. ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਲੋਕ ਮਸਲਿਆਂ ਨੂੰ ਪਾਸੇ ਰੱਖ ਕੇ ਕਦੇ ਵੀ ਰਜਵਾੜਾ ਸ਼ਾਹੀ ਸੋਚ ਛੱਡਣਾ ਨਹੀਂ ਚਾਹੁੰਦਾ, ਜਿਸ ਕਾਰਨ ਪਟਿਆਲਾ ਕਦੇ ਵੀ ਵਿਕਾਸ ਪੱਖ ਤੋਂ ਉਭਰ ਨਹੀਂ ਸਕਿਆ, ਪ੍ਰੰਤੂ ਅਕਾਲੀ ਭਾਜਪਾ ਸਰਕਾਰ ਪਟਿਆਲਾ ਦੀ ਤਰੱਕੀ ਤੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਆਧਾਰ ‘ਤੇ ਲੋਕਾਂ ਤੱਕ ਪਹੁੰਚ ਬਣਾ ਕੇ ਵੋਟ ਹਾਸਲ ਕਰਕੇ ਜਿੱਤ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਕਈ ਭਰਮ ਭੁਲੇਖੇ ਹਨ, ਜਿਸ ਨੂੰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ।

