ਲੰਬੀ ਜਿੱਤਣ ਦਾ ਸੁਪਨਾ ਲੈਣ ਵਾਲੇ ਅਮਰਿੰਦਰ ਪਹਿਲਾਂ ਆਪਣਾ ਪਟਿਆਲਾ ਬਚਾਉਣ : ਚਰਨਜੀਤ ਬਰਾੜ
ਬੂਥ ਵਾਈ ਸਾਰਥਿਕ ਨਤੀਜੇ ਨਾ ਆਉਣ ‘ਤੇ ਅਕਾਲੀ ਦਲ ਕਰੇਗਾ ਕਾਰਵਾਈ
ਪਟਿਆਲਾ, 19 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਅਤੇ ਜ਼ਿਲ੍ਹਾ ਪਟਿਆਲਾ ਦੇ ਕੋਆਰਡੀਨੇਟਰ ਚਰਨਜੀਤ ਸਿੰਘ ਬਰਾੜ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੁਕਮ ਮੰਨਦੇ ਹੋਏ ਜਨਰਲ ਜੇ.ਜੇ. ਸਿੰਘ ਦੀ ਚੋਣ ਮੁਹਿੰਮ ਕਮਾਂਡ ਨੂੰ ਸੰਭਾਲਦਿਆ ਆਖਿਆ ਹੈ ਕਿ ਲੰਬੀ ਜਿੱਤਣ ਦਾ ਸੁਪਨਾ ਲੈਣ ਵਾਲਾ ਅਮਰਿੰਦਰ ਪਹਿਲਾਂ ਆਪਣਾ ਪਟਿਆਲਾ ਸ਼ਹਿਰ ਦੀ ਸੀਟ ਬਚਾਵੇ, ਕਿਉਂਕਿ ਪਟਿਆਲਾ ਸ਼ਹਿਰ ਅੰਦਰ ਹੁਣ ਅਕਾਲੀ ਦਲ ਨੇ ਕਮਰ ਕਸੇ ਕੱਸ ਲਏ ਹਨ ਤੇ ਅਮਰਿੰਦਰ ਨੂੰ ਪਟਿਆਲਾ ਸ਼ਹਿਰ ਤੋਂ ਅਤੇ ਲੰਬੀ ਤੋਂ ਦੋਵਾਂ ਸੀਟਾਂ ਤੋਂ ਕਰਾਰੀ ਹਾਰ ਦੇ ਕੇ ਅਤੇ ਪਾਕਿਸਤਾਨ ਭੇਜ ਦੇਵਾਂਗੇ।
ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਅਮਰਿੰਦਰ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ, ਜੇਕਰ ਉਸਨੂੰ ਪÎਟਿਆਲਾ ਵਾਸੀਆਂ ਨਾਲ ਇੰਨਾ ਹੀ ਪਿਆਰ ਹੈ ਤਾਂ ਉਹ ਆਪਣੀ ਟਿਕਟ ਕਿਸੀ ਵੀ ਵਰਕਰ ਨੂੰ ਦੇਵੇ, ਉਸ ਤੋਂ ਬਾਅਦ ਲੰਬੀ ਜਾਕੇ ਲੜੇ।
ਚਰਨਜੀਤ ਸਿੰਘ ਬਰਾੜ ਨੇ ਅੱਜ ਸਵੇਰ ਤੋਂ ਹੀ ਪਟਿਆਲਾ ਸ਼ਹਿਰ ਵਿਖੇ ਡੇਰੇ ਲਗਾ ਲਏ, ਉਨ੍ਹਾਂ ਸਭ ਤੋਂ ਪਹਿਲਾਂ ਜਨਰਲ ਜੇ.ਜੇ. ਸਿੰਘ ਦੇ ਦਫ਼ਤਰ ਵਿੱਚ ਪਟਿਆਲਾ ਦੇ ਜ਼ਿਲ੍ਹੇ ਦੇ ਸਮੁੱਚੇ ਅਕਾਲੀ ਅਤੇ ਭਾਜਪਾ ਦੇ ਨੇਤਾਵਾਂ ਨਾਲ ਹੰਗਾਮੀ ਮੀÎਟਿੰਗ ਕੀਤੀ, ਉਨ੍ਹਾਂ ਨੇ ਸਮੁੱਚੇ ਨੇਤਾਵਾਂ ਦੇ ਵਿਚਾਰ ਜਾਨਣ ਮਗਰੋਂ ਪਟਿਆਲਾ ਸ਼ਹਿਰ ਦੇ ਸਮੁੱਚੇ 170 ਬੂਥਾਂ ਨੂੰ ਅਕਾਲੀ ਅਤੇ ਭਾਜਪਾ ਨੇਤਾਵਾਂ ਦੇ ਸਪੁਰਦ ਕੀਤਾ ਹੈ। ਇਹ ਵੱਡੇ ਨੇਤਾ ਅੱਗੇ ਆਪੋ ਆਪਣੇ ਬੂਥ ਦੀਆਂ ਕਮੇਟੀਆਂ ਤੁਰੰਤ ਬਨਾਉਣਗੇਂ। ਉਨ੍ਹਾਂ ਆਖਿਆ ਕਿ 170 ਬੂਥਾਂ ਵਿੱਚੋਂ 31 ਬੂਥ ਮਾਲਵਾ ਯੂਥ ਪ੍ਰਧਾਨ ਹਰਪਾਲ ਜੁਨੇਜਾ ਦੇ ਹਵਾਲੇ ਕੀਤੇ ਹਨ, 28 ਬੂਥ ਮੇਅਰ ਅਮਰਿੰਦਰ ਸਿੰਘ ਬਜਾਜ ਦੇ ਹਵਾਲੇ ਕੀਤੇ ਹਨ, 27 ਬੂਥ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਹਵਾਲੇ ਕੀਤੇ ਹਨ, ਉਨ੍ਹਾਂ ਆਖਿਆ ਕਿ 4 ਬੂਥ ਅਕਾਲੀ ਨੇਤਾ ਛੱਜੂ ਰਾਮ ਸੋਫਤ ਦੇ ਹਵਾਲੇ ਕੀਤੇ ਹਨ, 8 ਬੂਥ ਸੀਮਾ ਸ਼ਰਮਾ ਦੇ ਹਵਾਲੇ ਕੀਤੇ ਹਨ, 5 ਬੂਥ ਸਾਬਕਾ ਮੇਅਰ ਜਸਪਾਲ ਪ੍ਰਧਾਨ ਦੇ ਹਵਾਲੇ ਕੀਤੇ ਹਨ, 5 ਬੂਥ ਕੌਂਸਲਰ ਬਲਬੀਰ ਖਰੋੜ ਅਤੇ 52 ਬੂਥ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਹਵਾਲੇ ਕੀਤੇ ਹਨ। ਉਨ੍ਹਾਂ ਆਖਿਆ ਕਿ ਇਹ ਸਮੁੱਚੇ ਨੇਤਾ ਆਪੋ ਆਪਣੇ ਬੂਥਾਂ ਦੀਆਂ ਸਬ ਕਮੇਟੀਆਂ ਬਣਾਂ ਕੇ ਤੁਰੰਤ ਉਨ੍ਹਾਂ ਦੀਆ ਕਾਪੀਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਅਤੇ ਜਨਰਲ ਜੇ.ਜੇ. ਸਿੰਘ ਦੇ ਦਫ਼ਤਰ ਇੰਚਾਰਜ ਨਰਦੇਵ ਸਿੰਘ ਆਕੜੀ ਨੂੰ ਸੌਂਪਣਗੇਂ।
ਇਸ ਮੌਕੇ ਚਰਨਜੀਤ ਸਿੰਘ ਬਰਾੜ ਨੇ ਸਪੱਸ਼ਟ ਆਖਿਆ ਹੈ ਕਿ ਬੂਥ ਵਾਈਜ਼ ਵੰਡੀਆਂ ਡਿਊਟੀਆਂ ਦੇ ਨਤੀਜੇ ਵੀ ਬੂਥ ਵਾਈਜ਼ ਹੀ ਪ੍ਰਵਾਨ ਕੀਤੇ ਜਾਣਗੇਂ। ਉਨ੍ਹਾਂ ਆਖਿਆ ਕਿ ਜਿਹੜੇ ਵੀ ਨੇਤਾ ਦੀਆਂ ਵੋਟਾਂ ਘੱਟ ਨਿਕਲੀਆ, ਉਸ ਖਿਲਾਫ ਅਕਾਲੀ ਦਲ ਸਖਤ ਕਾਰਵਾਈ ਕਰੇਗਾ, ਬਰਾੜ ਨੇ ਆਖਿਆ ਕਿ ਸਮੁੱਚੇ ਅਕਾਲੀ ਨੇਤਾਵਾਂ ਨੂੰ ਸਪੱਸ਼ਟ ਹੁਕਮ ਕੀਤੇ ਹਨ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਮਰਿੰਦਰ ਨੂੰ ਪਟਿਆਲਾ ਸ਼ਹਿਰ ਤੋਂ ਹਰਾਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੇ ਸਪੱਸ਼ਟ ਆਦੇਸ਼ ਹਨ ਕਿ ਢਿੱਲਮੱਠ ਕਰਨ ਵਾਲੇ ਕਿਸੇ ਵੀ ਅਕਾਲੀ ਆਗੂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਬਰਾੜ ਨੇ ਸਮੁੱਚੇ ਨੇਤਾਵਾਂ ਨੂੰ ਹੁਕਮ ਕੀਤੇ ਹਨ ਕਿ ਉਹ ਹਰ ਰੋਜ਼ ਦਾ ਸਮੁੱਚਾ ਸ਼ਿਡਿਊਲ ਦਫ਼ਤਰ ਇੰਚਾਰਜ ਨਰਦੇਵ ਸਿੰਘ ਆਕੜੀ ਤੋਂ ਪ੍ਰਾਪਤ ਕਰਨਗੇਂ ਤਾਂ ਜੋ ਜਨਰਲ ਜੇ.ਜੇ. ਸਿੰਘ ਨੂੰ ਵੱਡੀ ਜਿੱਤ ਦਵਾ ਕੇ ਅਮਰਿੰਦਰ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ। ਇਸ ਮੌਕੇ ਹਰਪਾਲ ਜੁਨੇਜਾ ਮਾਲਵਾ ਪ੍ਰਧਾਨ, ਚੇਅਰਮੈਨ ਨਰਦੇਵ ਸਿੰਘ ਆਕੜੀ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਇੰਦਰਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ, ਚੇਅਰਮੈਨ ਵਿਸ਼ਨੂੰ ਸ਼ਰਮਾ, ਸੁਖਬੀਰ ਸਿੰਘ ਸਨੌਰ ਕੌਮੀ ਸੀਨੀਅਰ ਮੀਤ ਪ੍ਰਧਾਨ, ਦਵਿੰਦਰਪਾਲ ਸਿੰਘ ਮਿੱਕੀ, ਅਜੀਤਪਾਲ ਸਿੰਘ ਕੋਹਲੀ ਸਾਬਕਾ ਮੇਅਰ, ਜਸਪਾਲ ਸਿੰਘ ਪ੍ਰਧਾਨ, ਜਗਦੀਸ਼ ਰਾਏ ਚੌਧਰੀ ਸੀਨੀਅਰ ਡਿਪਟੀ ਮੇਅਰ, ਅਨਿਲ ਬਜਾਜ, ਪਰਵਿੰਦਰ ਸ਼ੋਰੀ, ਛੱਜੂ ਰਾਮ ਸੋਫਤ, ਸੀਮਾ ਸ਼ਰਮਾ, ਬਲਬੀਰ ਸਿੰਘ ਖਰੋੜ, ਜੋਗਿੰਦਰ ਸਿੰਘ ਛਾਂਗਾ, ਸੁਰਜੀਤ ਸਿੰਘ ਸਾਹਨੀ ਸਕੱਤਰ ਜਨਰਲ, ਮਨਜੋਤ ਸਿੰਘ ਚਹਿਲ, ਗੁਰਬਖਸ਼ ਸਿੰਘ ਚਹਿਲ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

