ਪਟਿਆਲਾ

ਸ਼ਾਹੀ ਸ਼ਹਿਰ ਪਟਿਆਲਾ ‘ਚ ਜੇ. ਜੇ. ਸਿੰਘ ਦਾ ਨਾਅਰਾ ; ਵਿਕਾਸ ਕੀਤਾ ਵਿਕਾਸ ਕਰਾਂਗੇ

ਪਟਿਆਲਾ, 22 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਚੋਣਾਂ ਪੰਜਾਬ ਦੇ ਚਲਦਿਆਂ ਸ਼ਾਹੀ ਸ਼ਹਿਰ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਖੜ੍ਹੇ ਹੋਏ ਜਨਰਲ ਜੇ. ਜੇ. ਸਿੰਘ ਨੇ ਅੱਜ ਭਾਰੀ ਗਿਣਤੀ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਵਾਰਡ ਨੰਬਰ 1 ਵਿਚ ਕੀਤੀ ਗਈ ਚੋਣ ਰੈਲੀ ਦੌਰਾਨ ਨਾਅਰਾ ਦਿੱਤਾ ਕਿ ਵਿਕਾਸ ਕੀਤਾ ਵਿਕਾਸ ਕਰਾਂਗੇ ਪਹਿਲਾਂ ਵੀ ਕੀਤਾ ਅੱਗੇ ਵੀ ਕਰਾਂਗੇ’।

ਉਹਨਾਂ ਚੋਣ ਰੈਲੀਆਂ ਦੌਰਾਨ ਪਹੁੰਚੇ ਪਟਿਆਲਵੀਆਂ ਨੂੰ ਸਪੱਸ਼ਟ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਵਿਕਾਸ ਕਾਰਜ ਕਿਸੇ ਤੋਂ ਲੁਕੇ ਨਹੀਂ ਹਨ ਤੇ ਵਿਕਾਸ ਕਾਰਜਾਂ ਦਾ ਸਿੱਧਾ ਸਬੂਤ ਪਿੰਡਾਂ ਨੂੰ ਨਮੂਨੇ ਦੇ ਪਿੰਡਾਂ ਵਜੋਂ ਉਭਾਰਨਾ ਤੇ ਸ਼ਹਿਰ ਨੂੰ ਉਹਨਾਂ ਦੀ ਦਿੱਖ ਬਦਲਣ ਲਈ ਵਧ ਤੋਂ ਵਧ ਸਹੂਲਤਾਂ ਦੇਣ ਤੋਂ ਮਿਲਦਾ ਹੈ, ਜਿਸ ਦੀ ਲੜੀ ਨੂੰ ਅੱਗੇ ਤੋਰਦਿਆਂ ਮੁੜ ਪੰਜਾਬ ਵਿਚ ਪੰਜਾਬੀਆਂ ਦੇ ਸਹਿਯੋਗ ਨਾਲ ਬਣਾਈ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਗਠਜੋੜ ਸਰਕਾਰ ਦੇ ਰਾਜ ਵਿਚ ਫਿਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਤੇ ਪੰਜਾਬ ਤੇ ਪੰਜਾਬੀਆਂ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਿਆ ਜਾਵੇਗਾ।
ਇਸ ਮੌਕੇ ਜਨਰਲ ਜੇ. ਜੇ. ਸਿੰਘ ਦੀਆਂ ਚੋਣ ਰੈਲੀਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੀ ਸੀਨੀਅਰ ਅਕਾਲੀ ਲੀਡਰਸ਼ਿਪ ਸੁਰਜੀਤ ਸਿੰਘ ਕੋਹਲੀ, ਹਰਪਾਲ ਜੁਨੇਜਾ, ਭਗਵਾਨ ਦਾਸ ਜੁਨੇਜਾ, ਵਿਸ਼ਨੂੰ ਸ਼ਰਮਾ ਨੇ ਵੀ ਜਨਰਲ ਜੇ. ਜੇ. ਸਿੰਘ ਨੂੰ ਭਰੋਸਾ ਦੁਆਇਆ ਕਿ ਸਿਰਫ਼ ਪਟਿਆਲਵੀ ਹੀ ਨਹੀਂ ਬਲਕਿ ਗਠਜੋੜ ਦਾ ਹਰ ਆਗੂ, ਵਰਕਰ ਤੇ ਨੇਤਾ ਉਹਨਾ ਨਾਲ ਖੜ੍ਹਾ ਹੈ। ਜਨਰਲ ਜੇ. ਜੇ. ਸਿੰਘ ਨੇ ਆਖਿਆ ਕਿ ਜਿਸ ਤਰ੍ਹਾਂ ਉਹਨਾਂ ਫੌਜ ਵਿਚ ਰਹਿੰਦਿਆਂ ਦੁਸ਼ਮਣਾਂ ਦਾ ਸਫਾਇਆ ਕਰਨ ਲਈ ਬੀੜਾ ਚੁੱਕੀ ਰੱਖਿਆ ਉਸੇ ਤਰ੍ਹਾਂ ਹੁਣ ਪਟਿਆਲਵੀਆਂ ਖਾਸ ਤੌਰ ‘ਤੇ ਪੰਜਾਬੀਆਂ ਨੂੰ ਦੁਸ਼ਮਣ ਜਮਾਤ ਕਾਂਗਰਸ ਤੇ ਆਪ ਨੂੰ ਕਰਾਰੀ ਹਾਰ ਦੁਆ ਕੇ ਪੰਜਾਬ ਦਾ ਭੋਲਾ ਕਰਨ ਲਈ ਇਕ ਵਿਸ਼ੇਸ਼ ਕਦਮ ਚੁੱਕਣ ਲਈ ਅੱਗੇ ਆਉਣਾ ਪਵੇਗਾ।
ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੇ ਸਪੱਸ਼ਟ ਆਖਿਆ ਕਿ ਜੋ ਮੌਕਾ ਲਗਾਤਾਰ 2 ਵਾਰੀ ਪੰਜਾਬ ਦੀ ਜਨਤਾ ਨੇ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਪਹਿਲਾਂ ਦਿੱਤਾ ਸੀ ਹੁਣ ਵੀ ਉਸੇ ਤਰ੍ਹਾਂ ਲਗਾਤਾਰ ਭਰੋਸਾ ਕਰਕੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਮੁੜ ਤੋਂ ਵੱਡੀ ਲੀਡ ਨਾਲ ਜਿਤਾਇਆ ਜਾਵੇ ਕਿਉਂਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਨੇ ਹੀ ਅਕਾਲੀ ਦਲ ਦੀ ਕੇਂਦਰ ਵਿਚ ਬੈਠੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਵੱਡੇ ਪ੍ਰਾਜੈਕਟ ਤੇ ਵੱਡੀ ਤਾਦਾਦ ਵਿਚ ਸਹੂਲਤਾਂ ਦੇ ਨਾਲ-ਨਾਲ ਵਿਕਾਸ ਕਾਰਜ ਕਰਵਾਉਣ ਲਈ ਗ੍ਰਾਂਟਾਂ ਦੇ ਗੱਫੇ ਲਿਆਉਣੇ ਹਨ ਜਦੋਂ ਕਿ ਕਾਂਗਰਸ ਕੋਲ ਇਸ ਤਰ੍ਹਾਂ ਦੇ ਪ੍ਰਾਜੈਕਟ ਲਿਆਉਣ ਲਈ ਕੋਈ ਵੀ ਵਾਲੀ ਵਾਰਸ ਨਹੀਂ ਹੈ ਤੇ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ ਜੋ ਪੰਜਾਬ ਵਿਚ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਵਿਚ ਖੁਸ਼ੀਆਂ ਦੇ ਅੰਬਾਰ ਲਿਆ ਸਕਦਾ ਹੈ।
ਇਸ ਮੌਕੇ ਮਾਲਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ, ਭਗਵਾਨ ਦਾਸ ਜੁਨੇਜਾ, ਚੇਅਰਮੈਨ ਨਰਦੇਵ ਸਿੰਘ ਆਕੜੀ, ਮੇਅਰ ਅਮਰਿੰਦਰ ਸਿੰਘ ਬਜਾਜ, ਇੰਦਰ ਮੋਹਨ ਸਿੰਘ ਬਜਾਜ, ਸੁਖਬੀਰ ਸਿੰਘ ਸਨੌਰ ਕੌਮੀ ਸੀ. ਪ੍ਰਧਾਨ, ਜੋਨੀ ਕੋਹਲੀ, ਜੋਗਿੰਦਰ ਸਿੰਘ ਛਾਂਗਾ ਸਾਬਕਾ ਕੌਂਸਲਰ, ਚਰਨਜੀਤ ਸਿੰਘ ਭਾਟੀਆ, ਸੁਖਬੀਰ ਸਿੰਘ ਅਬਲੋਵਾਲ ਆਦਿ ਵੱਡੀ ਗਿਣਤੀ ਵਿਚ ਨੇਤਾ ਹਾਜਰ ਸਨ।

Leave a Reply

Your email address will not be published. Required fields are marked *