ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਟ੍ਰੈਫ਼ਿਕ ਨਿਯਮਾਂ ਸਬੰਧੀ ਵਿਦਿਆਰਥੀਆਂ ਨੂੰ ਪਾਠ ਪੜ੍ਹਾਇਆ

ਪਟਿਆਲਾ (ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਵਿਖੇ ਐਸ.ਐਸ.ਪੀ. ਪਟਿਆਲਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਟ੍ਰੈਫ਼ਿਕ ਇੰਸਪੈਕਟਰ ਸ੍ਰੀਮਤੀ ਪੁਸ਼ਪਾ ਦੇਵੀ ਨੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਚਾਨਣਾ ਪਾਇਆ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਇਕ ਵਿਅਕਤੀ ਦਾ ਮੁੱਖ ਕਰਤੱਵ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਈ.ਐਸ.ਆਈ. ਮਾਰਕਾ ਹੈਲਮਟ ਪਹਿਨਣ ਦਾ ਨਿਰਦੇਸ਼ ਦਿੱਤਾ ਤਾਂ ਜੋ ਕਿਸੇ ਵੀ ਅਣਸੁਖਾਵੇਂ ਸੜਕ ਹਾਦਸੇ ਦੌਰਾਨ ਵਾਹਨ ਚਾਲਕ ਦੀ ਵੱਧ ਤੋਂ ਵੱਧ ਰੱਖਿਆ ਹੋ ਸਕੇ।
ਸ਼੍ਰੀਮਤੀ ਪੁਸ਼ਪਾ ਦੇਵੀ ਨੇ ਦੋ-ਪਹੀਆ ਵਾਹਨ ਉਪਰ ਤਿੰਨ ਵਿਅਕਤੀਆਂ ਨੂੰ ਇਕੱਠੇ ਸਫ਼ਰ ਕਰਨ ਅਤੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਦਾ ਵੀ ਨਿਰਦੇਸ਼ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮੇਂ ਸਿਰ ਡਰਾਈਵਿੰਗ ਲਾਈਸੈਂਸ ਬਨਵਾਉਣ ਅਤੇ ਸਬੰਧਤ ਹਰ ਕਾਗਜ਼ ਪੱਤਰ ਮੁਕੰਮਲ ਕਰਨ ਲਈ ਵੀ ਪ੍ਰੇਰਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਨਾਲ ਅਸੀਂ ਆਪਣੀ ਵੀ ਅਤੇ ਹੋਰਨਾਂ ਦੀ ਜ਼ਿੰਦਗੀ ਵੀ ਬਚਾਅ ਸਕਦੇ ਹਾਂ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਅੱਜ ਦੇ ਤੇਜ਼ ਰਫਤਾਰ ਵਾਲੇ ਸਮੇਂ ਵਿਚ ਹਰ ਵਿਅਕਤੀ ਦੌੜ ਦਾ ਹਿੱਸਾ ਬਣਿਆ ਹੋਇਆ ਹੈ ਅਤੇ ਇਸ ਦੌੜ ਵਿਚ ਸਫਲ ਜੀਵਣ ਜੀਉਣ ਲਈ ਸਾਨੂੰ ਟ੍ਰੈਫ਼ਿਕ ਨਿਯਮਾਂ ਦੀ ਸਾਵਧਾਨੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼੍ਰੀਮਤੀ ਪੁਸ਼ਪਾ ਦੇਵੀ ਦੁਆਰਾ ਦੱਸੇ ਗਏ ਟ੍ਰੈਫ਼ਿਕ ਨਿਯਮਾਂ ਨੂੰ ਆਪਣੇ ਜੀਵਨ ਦਾ ਅਤੁੱਟ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।
ਵਾਈਸ ਪ੍ਰਿੰਸੀਪਲ ਡਾ. ਤਰਲੋਚਨ ਸਿੰਘ ਮਹਾਜਨ ਨੇ ਸ਼੍ਰੀਮਤੀ ਪੁਸ਼ਪਾ ਦੇਵੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੁਆਰਾ ਪ੍ਰਗਟਾਏ ਗਏ ਵਿਚਾਰਾਂ ‘ਤੇ ਅਮਲ ਕਰਨਾ ਅਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਹਰ ਵਿਦਿਆਰਥੀ ਦਾ ਫਰਜ਼ ਬਣਦਾ ਹੈ। ਇਸ ਮੌਕੇ ਕਾਲਜ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼੍ਰੀਮਤੀ ਪੁਸ਼ਪਾ ਦੇਵੀ ਦੁਆਰਾ ਦਰਸਾਏ ਗਏ ਨਿਯਮਾਂ ਨੂੰ ਧਿਆਨ ਪੂਰਵਕ ਸੁਣਿਆ।

Leave a Reply

Your email address will not be published. Required fields are marked *