ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ
ਪਟਿਆਲਾ 16 ਫਰਵਰੀ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਅਨ ਵਿਭਾਗ ਵਲੋਂ ਗੁਰੂ ਗੋਬਿੰਦ ਸਿੰਘ ਭਵਨ ਦੈ ਗੋਲਡਨ ਜੁਬਲੀ ਵਰ੍ਹੇ ਨੂੰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਵਿਭਾਗ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਵਲੋਂ ਪੁਰਾਣੀ ਰਿਵਾਇਤ ਮੁਤਾਬਕ ਮਿਲਕੇ ਸਹਿਜ ਪਾਠ ਕੀਤੇ ਗਏ ਅਤੇ ਭੋਗ ਪਾਏ ਗਏ।
ਇਸ ਸਮਾਗਮ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਵਿਭਾਗ ਦੇ ਵਿਦਿਆਰਥੀਆਂ ਨੇ ਗੁਰਮਤਿ ਪਰੰਪਰਾ ਮੁਤਾਬਕ ਆਪ ਹੀ ਕੀਰਤਨ ਕੀਤਾ ਅਤੇ ਆਪ ਹੀ ਲੰਗਰ ਤਿਆਰ ਕੀਤਾ ਅਤੇ ਵਰਤਾਇਆ। ਇਸ ਮੌਕੇ ਵਿਭਾਗ ਦੇ ਪ੍ਰੋਫੈਸਰ ਰਾਜਿੰਦਰ ਕੌਰ ਰੋਹੀ ਅਤੇ ਸਿੱਖ ਵਿਸ਼ਵਕੋਸ਼ ਵਿਭਾਗ ਦੀ ਮੁਖੀ ਪ੍ਰੋਫੈਸਰ ਜਸਪ੍ਰੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਕਾਦਮਿਕ ਪੱਧਰ ਤੇ ਹੋਰ ਅੱਗੇ ਵਧਣ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਇਹ ਸਾਡੇ ਲਈ ਸੁਭਾਗਾ ਮੌਕਾ ਹੈ ਕਿ ਜਦੋਂ ਅਸੀਂ ਪੁਰਾਤਨ ਰਹਿਤ ਮਹਿਯਾਦਾ ਅਨੁਸਾਰ ਇਸ ਸਮਾਗਮ ਨੂੰ ਨੇਪਰੇ ਚਾੜ੍ਹਿਆ ਹੈ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੇ ਸਰਬੰਸ ਦੀ ਕੁਰਬਾਨੀ ਦਿੱਤੀ ਅਤੇ ਧਰਮ ਦੇ ਉਦੇਸ਼ ਮੁਤਾਬਕ ਜੀਵਨ ਜਿਉਣ ਦੀ ਜਾਚ ਸਿਖਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖ਼ਸ਼ ਕੇ ਉਹਨਾਂ ਨੇ ਸ਼ਬਦ ਗੁਰੂ ਸਿਧਾਂਤ ਨੂੰ ਜੁਗੋ ਜੁਗ ਅਟਲ ਕੀਤਾ ਹੈ। ਇਸ ਸਮਾਗਮ ਦੇ ਅਖੀਰ ਵਿੱਚ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਦੇ ਨਿਵਾਜੇ ਨਿਹੰਗ ਸਿੰਘ ਦਾ ਸਮੂਹ ਇਸਮਾ ਇੰਟਰਨੈਸ਼ਨਲ ਨੇ ਗੱਤਕੇ ਦੇ ਜੌਹਰ ਦਿਖਾਉਂਦੇ ਹੋਏ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਇਸ ਮੌਕੇ ਡਾ. ਜੋਧ ਸਿੰਘ, ਮੁੱਖ ਸੰਪਾਦਕ, ਸਿੱਖ ਵਿਸ਼ਵਕੋਸ਼ ਵਿਭਾਗ, ਡਾ. ਮੁਹੰਮਦ ਹਬੀਬ, ਡਾ. ਪ੍ਰਦੁਮਨ ਸ਼ਾਹ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਗੁਰਮੇਲ ਸਿੰਘ, ਡਾ. ਅਰਵਿੰਦ ਰਿਤੁਰਾਜ, ਡਾ. ਰਾਮਿੰਦਰਜੀਤ ਕੌਰ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰਨਾਂ ਵਿਭਾਗਾਂ ਦੇ ਕਰਮਚਾਰੀ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

