ਪੰਜਾਬਪਟਿਆਲਾ

ਅਧਿਆਪਕਾਂ ਨੇ ਥਾਲੀਆਂ ਖੜਕਾਕੇ ਕੀਤਾ ਕੈਪਟਨ ਸਰਕਾਰ ਦਾ ਪਿੱਟ ਸਿਆਪਾ

ਪਟਿਆਲਾ, 30 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) :ਪਿਛਲੇ ਛੇ ਮਹੀਨੇ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਾ ਦੇ ਕੇ ਅਧਿਆਪਕਾਂ ਨੂੰ ਭੁੱਖਮਰੀ ਵੱਲ ਧੱਕਣ ਦੇ ਰੋਸ ਵਜੋਂ ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਅਧਿਆਪਕਾਂ ਵੱਲੋਂ ਐੱਸ.ਐੱਸ.ਏ/ ਰਮਸਾ ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਆਪਣੇ ਬਰਤਨ ਲੈ ਕੇ ਬੈਠੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਹਰਦੀਪ ਟੋਡਰਪੁਰ ਅਤੇ ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ ਨੇ ਆਖਿਆ ਕਿ ‘ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਵਿਖਾਉਣ ਦੇ ਹੋਰ’ ਅਖਾਣ ਪੰਜਾਬ ਦੀ ਕੈਪਟਨ ਸਰਕਾਰ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ ਕਿਉਂਕਿ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਠੇਕੇ ਉੱਤੇ ਰੱਖੇ ਸਮੂਹ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਝੂੱਠੇ ਪੁਲਿਸ ਕੇਸ ਰੱਦ ਕਰਨ, ਕਿਸਾਨਾਂ ਦੇ ਕਰਜ਼ ਮੁਆਫ ਕਰਨ, ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਵਰਗੇ ਅਨੇਕਾਂ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਇਸ ਪਾਰਟੀ ਦੀ ਸਰਕਾਰ ਮੋਨ ਧਾਰ ਕੇ ਬਹਿ ਗਈ ਹੈ, ਜਿਸ ਕਾਰਨ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗੇ ਹਨ।
ਅਧਿਆਪਕ ਆਗੂਆਂ ਨੇ ਆਖਿਆ ਕਿ ਜਿਵੇਂ ਪੰਜਾਬ ਅਕਾਲੀ-ਭਾਜਪਾ ਸਰਕਾਰ ਉਹਨਾਂ ਦੀਆਂ ਸੇਵਾਵਾਂ ਰੇਗੂਲਰ ਕਰਨ ਦੇ ਲਾਅਰੇ ਲਗਾ ਕੇ ਆਪਣਾ ਸਮਾਂ ਲੰਘਾ ਗਈ ਉਸੇ ਤਰ੍ਹਾਂ ਕਾਂਗਰਸ ਸਰਕਾਰ ਜਿੱਥੇ ਉਹਨਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਤਾਂ ਲਾਉਂਦੀ ਹੀ ਆ ਰਹੀ ਹੈ ਪਰ ਪਿਛਲੇ ਛੇ ਮਹੀਨੇ ਤੋਂ ਤਨਖਾਹਾਂ ਨਾ ਦੇ ਕੇ ਉਹਨਾਂ ਨੂੰ ਭਿਖਾਰੀ ਬਣਨ ਵੱਲ ਧੱਕ ਰਹੀ ਹੈ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਭਰਤ ਕੁਮਾਰ ਅਤੇ ਵਿੱਤ ਸਕੱਤਰ ਭੁਪਿੰਦਰ ਮਰਦਾਂਹੇੜੀ ਨੇ ਆਖਿਆ ਕਿ ਉਹਨਾਂ ਦੀਆਂ ਮੰਗਾਂ ਸਬੰਧੀ ਇੱਕ ਮਈ ਨੂੰ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪਟਿਆਲਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਮਨਮੋਹਨ ਕੁਮਾਰ ਨੇ ਜਥੇਬੰਦੀ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਅਜੇ ਤੱਕ ਵਫਾ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਦਾ ਪਟਿਆਲਾ ਪ੍ਰਸ਼ਾਸਨ ਤੋਂ ਯਕੀਨ ਉੱਠ ਗਿਆ ਹੈ।
ਜ਼ਿਲ੍ਹਾ ਆਗੂਆਂ ਜੀਵਨਜੋਤ ਸਿੰਘ ਅਤੇ ਹਰਵਿੰਦਰ ਰੱਖੜਾ ਨੇ ਆਖਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦੀ ਜਲਦੀ ਸੁਣਵਾਈ ਨਾ ਹੋਈ ਤਾਂ ਪਟਿਆਲਾ ਨੂੰ ਸੰਘਰਸ਼ ਦਾ ਕੇਂਦਰ ਬਣਾਉਂਦਿਆਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵਿਸ਼ਾਲ ਕੀਤਾ ਜਾਵੇਗਾ। ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਫੋਟੋ’ ਨੂੰ ਮੰਗ ਪੱਤਰ ਦੇ ਕੇ ਧਰਨੇ ਦੀ ਸਮਾਪਤੀ ਕੀਤੀ। ਇਸ ਮੌਕੇ ਡੀ.ਟੀ.ਐਫ ਦੇ ਵਿਕਰਮਦੇਵ ਸਿੰਘ ਅਤੇ ਦੇਸ ਰਾਜ, ਬੇਰੁਜ਼ਗਾਰ ਟੈਟ ਪਾਸ ਯੂਨੀਅਨ ਦੇ ਹਰਿੰਦਰਜੀਤ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਰਮਿੰਦਰ ਪਟਿਆਲਾ, ਹਰਿਆਵਲ ਦਸਤਾ ਗਰੁੱਪ ਦੇ ਸੁਰਿੰਦਰ ਖਾਲਸਾ ਤੋਂ ਇਲਾਵਾ ਗੁਰਜੀਤ ਘੱਗਾ, ਜਤਿੰਦਰ ਸਿੰਘ, ਮਨੋਜ ਕੁਮਾਰ, ਰਜਿੰਦਰ ਸਿੰਘ, ਬਖਸ਼ੀਸ਼ ਸਿੰਘ, ਹਰਮਿੰਦਰ ਸਮਾਣਾ, ਗਗਨ ਰਾਣੂ, ਲਖਵਿੰਦਰ ਸਿੰਘ, ਗਗਨ ਕਾਠਮੱਠੀ, ਹਰਦੀਪ ਸੋਗਲਪੁਰ, ਸਤਪਾਲ ਸਮਾਣਵੀ, ਹਰਿੰਦਰ ਸਿੰਘ, ਨਵਲਦੀਪ ਸ਼ਰਮਾ, ਸਨੇਹਦੀਪ, ਮਿਨਾਕਸ਼ੀ ਅਤੇ ਮਨਪ੍ਰੀਤ ਕੌਰ ਆਦਿ ਅਧਿਆਪਕ ਆਗੂਆਂ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *