ਪੰਜਾਬਪਟਿਆਲਾ

ਅਮਲੋਹ ਵਿਚ ਬਰਸਾਤ ਨੇ ਕੀਤਾ ਜਲ ਥਲ, ਡੁਬਦੇ ਸ਼ਹਿਰ ਵਾਸੀਆਂ ਨੂੰ ਕਦੋਂ ਬਚਾਵੇਗੀ ਸਰਕਾਰ?

ਅਮਲੋਹ, 28 ਜੂਨ (ਮਧੂਸਾਰ ਬਿਊਰੋ) ਅਮਲੋਹ ਸ਼ਹਿਰ ਵਿਚ ਰਾਤੀਂ ਰੁਕ ਰੁਕ ਕੇ ਹੋਈ ਬਰਸਾਤ ਨੇ ਜਨਜੀਵਨ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਬਰਸਾਤ ਕਾਰਨ ਹੋਏ ਜਲ ਥਲ ਕਾਰਨ ਅਮਲੋਹ ਦੇ ਬਾਜ਼ਾਰਾਂ ਦੀ ਰੌਣਕ ਵੀ ਗੁਆਚੀ ਦਿਖਾਈ ਦਿੱਤੀ ਤੇ ਦੁਕਾਨਾਂ ਅੱਗੇ ਖੜਾ ਫੁੱਟ ਫੁੱਟ ਪਾਣੀ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ ਰਿਹਾ ਸੀ।

ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਬਰਸਾਤ ਕਾਰਨ ਹਰ ਗਲੀ ਵਿਚ ਬਰਸਾਤੀ ਪਾਣੀ ਖੜਾ ਦਿਖਾਈ ਦਿੱਤਾ ਉਥੇ ਗੁਰਦੁਆਰਾ ਸਿੰਘ ਸਭਾ ਮਾਰਕੀਟ, ਬੁੱਗਾ ਬੱਸ ਸਟੈਂਡ ਮਾਰਕੀਟ ਅਤੇ ਸਰਕਾਰੀ ਸਕੂਲ ਲੜਕੇ ਦੇ ਅੱਗੇ ਬਰਸਾਤੀ ਪਾਣੀ ਇਸ ਕਦਰ ਖੜਾ ਸੀ ਕਿ ਦੁਕਾਨਦਾਰਾਂ ਨੂੰ ਜਿਥੇ ਆਪਣੀਆਂ ਦੁਕਾਨਾਂ ਖੋਲਣ ਵਿਚ ਵੱਡੀ ਸਮੱਸਿਆ ਆਈ ਉਥੇ ਬਜ਼ਾਰ ਵਿਚ ਖਰੀਦੋ ਫਰੋਖਤ ਕਰਨ ਵਾਲਿਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਦੁਕਾਨਦਾਰਾਂ ਵੱਲੋਂ ਤਾਂ ਇਸ ਬਰਸਾਤੀ ਪਾਣੀ ਨੂੰ ਦੇਖਦੇ ਹੋਏ ਪਾਣੀ ਵਿਚ ਰੱਖਣ ਵਾਲੇ ਸਟੈਂਡ ਪੱਕੇ ਤੌਰ ਤੇ ਹੀ ਬਣਾ ਕੇ ਰੱਖੇ ਹੋਏ ਹਨ ਤਾਂ ਜੋ ਉਹ ਅਤੇ ਗਾਹਕ ਇਨ੍ਹਾਂ ਉਪਰੋਂ ਦੀ ਚੱਲ ਕੇ ਦੁਕਾਨ ਵਿਚ ਆ ਸਕਣ। ਮਿਲੀ ਜਾਣਕਾਰੀ ਅਨੁਸਾਰ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ਹਿਰ ਦੀ ਕਾਇਆ ਕਲਪ ਲਈ ਕਰੋੜਾਂ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ ਜਿਸ ਵਿਚੋਂ ਗਲੀਆਂ ਪੁੱਟ ਕੇ ਸੀਵਰੇਜ਼ ਤਾਂ ਪਾ ਦਿੱਤਾ ਗਿਆ ਪਰ ਇੰਟਰਲਾਕਿੰਗ ਟਾਇਲਾਂ ਅਜੇ ਤੱਕ ਨਹੀਂ ਲੱਗ ਸਕੀਆਂ ਜਿਸ ਦਾ ਕਾਰਨ ਕਾਂਗਰਸ ਸਰਕਾਰ ਵੱਲੋਂ ਵਿਕਾਸ ਲਈ ਆਏ ਪੈਸੇ ਤੇ ਰੋਕ ਲਗਾਉਣਾ ਮੁਖ ਮੰਨਿਆਂ ਜਾ ਰਿਹਾ ਹੈ। ਜਿਸ ਕਾਰਨ ਸੀਵਰੇਜ਼ ਚੰਗੀ ਤਰ੍ਹਾਂ ਅਜੇ ਤੱਕ ਨਹੀਂ ਚੱਲ ਸਕਿਆ ਤੇ ਬਰਸਾਤ ਕਾਰਨ ਸੀਵਰੇਜ਼ ਨਾ ਚੱਲਣ ਕਾਰਨ ਪਾਣੀ ਦਾ ਵੱਡਾ ਗਲੱਟ ਮੁੱਖ ਸੜਕਾਂ ਤੇ ਇਕੱਠਾ ਹੋ ਗਿਆ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ Îਰਿਹਾ ਹੈ। ਜਦੋਂ ਇਸ ਸਬੰਧੀ ਖੜੇ ਬਰਸਾਤੀ ਪਾਣੀ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਅਮਲੋਹ ਸ਼ਹਿਰ ਦਾ ਨਵਾਂ ਪਿਆ ਸੀਵਰੇਜ਼ ਨਹੀਂ ਚੱਲਦਾ ਤੇ ਸ਼ਹਿਰ ਵਿਚ ਬਣਨ ਵਾਲੀਆਂ ਗਲੀਆਂ ਵਿਚ ਇੰਟਰਲਾਕਿੰਗ ਟਾਇਲਾਂ ਨਹੀਂ ਲੱਗਦੀਆਂ ਇਹ ਕੰਮ ਸਰਕਾਰ ਵੱਲੋਂ ਪੈਸਾ ਆਉਣ ਤੇ ਹੀ ਮੁਕੰਮਲ ਹੋਵੇਗਾ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਜਦੋਂ ਅਮਲੋਹ ਸ਼ਹਿਰ ਦੇ ਵਿਕਾਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਅਮਲੋਹ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਗਰਾਂਟ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਰਾਹੀਂ ਦਿੱਤੀ ਗਈ ਸੀ ਜਿਸ ਨਾਲ ਸੀਵਰੇਜ਼ ਦਾ ਕੰਮ ਤਾਂ ਤਕਰੀਬਨ ਮੁਕੰਮਲ ਹੋ ਚੁੱਕਾ ਹੈ ਪਰ ਕਾਂਗਰਸ ਸਰਕਾਰ ਵੱਲੋਂ ਦਿੱਤੇ ਪੈਸਿਆਂ ਨੂੰ ਵਾਪਿਸ ਲੈ ਕੇ ਵਿਕਾਸ ਕੰਮਾਂ ਵਿਚ ਵੱਡੀ ਖਰੋਤ ਖੜੀ ਕਰ ਦਿੱਤੀ ਗਈ ਹੈ ਜਿਸ ਕਾਰਨ ਸ਼ਹਿਰ ਦੀਆਂ ਸੀਵਰੇਜ਼ ਕਾਰਨ ਗਲੀਆਂ ਤਾਂ ਪੁੱਟੀਆਂ ਗਈਆਂ ਹਨ ਪਰ ਇੰਟਰਲਾਕਿੰਗ ਟਾਇਲਾਂ ਲਈ ਆਏ ਪੈÎਸਿਆਂ ਤੇ ਕਾਂਗਰਸ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਜਿਸ ਕਾਰਨ ਅੱਜ ਬਰਸਾਤ ਨੇ ਹੀ ਸ਼ਹਿਰ ਅੰਦਰ ਜਲ ਥਲ ਕਰਕੇ ਸ਼ਹਿਰ ਵਾਸੀਆਂ ਲਈ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹਿਰ ਲਈ ਆਈ ਮੁਕੰਮਲ ਗਰਾਂਟ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਜਦੋਂ ਇਸ ਬਰਸਾਤ ਦੇ ਰੁਕੇ ਪਾਣੀ ਸਬੰਧੀ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਥੇ ਸ਼ਹਿਰ ਦਾ ਸੀਵਰੇਜ਼ ਪੈ ਚੁੱਕਾ ਹੈ ਉਥੇ ਜਲਦ ਹੀ ਸ਼ਹਿਰ ਦੀਆਂ ਗਲੀਆਂ ਵਿਚ ਜਲਦ ਇੰਟਰਲਾਕਿੰਗ ਟਾਇਲਾਂ ਲਗਾ ਦਿੱਤੀਆਂ ਜਾਣਗੀਆਂ ਤੇ ਸੀਵਰੇਜ਼ ਚਲਦੇ ਹੀ ਇਹ ਪਾਣੀ ਦੀ ਸਮੱਸਿਆ ਮੁਕੰਮਲ ਤੌਰ ਤੇ ਖਤਮ ਹੋ ਜਾਵੇਗੀ ਜਿਸ ਲਈ ਉਹ ਜਲਦ ਸ਼ਹਿਰ ਦੇ ਵਿਕਾਸ ਲਈ ਵੱਡੀ ਗਰਾਂਟ ਲੈ ਕੇ ਆਉਣਗੇ।

Leave a Reply

Your email address will not be published. Required fields are marked *