ਪੰਜਾਬਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਬੀ.ਏ.ਆਨਰਜ਼ (ਸੋਸ਼ਲ ਸਾਇੰਸਜ਼) ਸ਼ੁਰੂ

ਇਹ ਕੋਰਸ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਲਈ ਹੋਵੇਗਾ ਲਾਹੇਵੰਦ
ਪਟਿਆਲਾ 8 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ, ਪਟਿਆਲਾ ਨੇ ਬੋਰਡ ਆਫ਼ ਸਟੱਡੀਜ਼ ਇਨ ਸੋਸ਼ਲ ਸਾਇੰਸਜ਼ ਦੀ ਇਕੱਤਰਤਾ ਵਿੱਚ ਬੀ.ਏ.ਆਨਰਜ਼ (ਸੋਸ਼ਲ ਸਾਇੰਸਜ਼) ਕੋਰਸ ਦੀ ਸਮੁੱਚੀ ਰੂਪ ਰੇਖਾ ਪਾਸ ਕਰਦਿਆਂ ਸਿੱਖਿਆ ਦੇ ਖੇਤਰ ਵਿੱਚ ਇਕ ਹੋਰ ਅਹਿਮ ਪੁਲਾਂਘ ਪੁੱਟੀ ਹੈ। ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਕੋਰਸ ਨੂੰ ਕਾਮਯਾਬੀ ਨਾਲ ਚਲਾਉਣ ਲਈ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਕੋਰਸ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਲਈ ਬਿਹਤਰੀਨ ਸਿਖਲਾਈ ਅਤੇ ਤਿਆਰੀ ਦੇ ਕੇਂਦਰ ਵਜੋਂ ਸਰੂਪ ਗ੍ਰਹਿਣ ਕਰੇਗਾ।

ਮੀਟਿੰਗ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕੀਤੀ। ਡਾ. ਉੱਭਾ ਨੇ ਕਿਹਾ ਭਾਰਤੀ ਸਿਵਲ ਸੇਵਾਵਾਂ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਪ੍ਰਤੀਨਿਧਤਾ ਬਹੁਤ ਘੱਟ ਹੈ। ਇਸ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਖ਼ਾਲਸਾ ਕਾਲਜ ਨੇ ਬੀ.ਏ.ਆਨਰਜ਼ (ਸੋਸ਼ਲ ਸਾਇੰਸਜ਼) ਦਾ ਕੋਰਸ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਾ ਮਾਹਿਰਾਂ ਵੱਲੋਂ ਇਸ ਕੋਰਸ ਦੀ ਰੂਪ-ਰੇਖਾ ਇਸ ਢੰਗ ਨਾਲ ਤਿਆਰ ਕੀਤੀ ਗਈ ਹੈ ਕਿ ਵਿਦਿਆਰਥੀ ਕੋਰਸ ਉਪਰੰਤ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਤਿਆਰ-ਬਰ-ਤਿਆਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੋਰਸ ਕਰਨ ਨਾਲ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਆਸ ਵਧ ਜਾਵੇਗੀ ਅਤੇ ਇਹ ਕੋਰਸ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾਵੇਗਾ। ਡਾ. ਉੱਭਾ ਨੇ ਦੱਸਿਆ ਕਿ ਇਹ ਕੋਰਸ ਸ਼ੁਰੂ ਕਰਕੇ ਖ਼ਾਲਸ ਕਾਲਜ ਪੰਜਾਬ ਦੀਆਂ ਮੋਹਰੀ ਸੰਸਥਾਵਾਂ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਵਿਚੋਂ ਖ਼ਾਲਸਾ ਕਾਲਜ, ਪਟਿਆਲਾ ਇਸ ਕੋਰਸ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਕਾਲਜ ਹੈ।
ਅਕਾਦਮਿਕ ਕੌਂਸਲ ਦੁਆਰਾ ਨਾਮਜ਼ਦ ਮੈਂਬਰ ਵਜੋਂ ਸ਼ਾਮਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਨੇ ਕਿਹਾ ਕਿ ਸਮੇਂ ਦੀ ਨਬਜ਼ ਨੂੰ ਪਛਾਣ ਕੇ ਖ਼ਾਲਸਾ ਕਾਲਜ ਵੱਲੋਂ ਇਸ ਕੋਰਸ ਨੂੰ ਸ਼ੁਰੂ ਕਰਨਾ ਬਹੁਤ ਸ਼ਲਾਘਾਯੋਗ ਕਾਰਜ ਹੈ। ਇਸ ਇਕੱਤਰਤਾ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਡਾ. ਕਮਲ ਕਿੰਗਰ, ਡਾ. ਕੇ.ਐੱਸ.ਸੋਹਲ, ਰਿਪੁਦਮਨ ਕਾਲਜ, ਨਾਭਾ ਤੋਂ ਡਾ. ਸ਼ਸ਼ੀ ਬਾਲਾ ਸ਼ਾਮਲ ਹੋਏ ਅਤੇ ਇਸ ਕੋਰਸ ਨੂੰ ਸ਼ੁਰੂ ਕਰਨ ਤੇ ਕਾਲਜ ਦੀ ਪ੍ਰਸੰਸਾ ਕੀਤੀ। ਸਥਾਨਕ ਕਾਲਜ ਦੇ ਪ੍ਰੋ. ਜਤਿੰਦਰ ਸਿੰਘ ਭੁਟਾਲ, ਡਾ. ਦੀਪਇੰਦਰਜੀਤ ਰੰਧਾਵਾ, ਡਾ. ਹਰਜੀਤ ਕੌਰ, ਡਾ. ਦਵਿੰਦਰ ਸਿੰਘ, ਡਾ. ਜਗਤਾਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *