ਦੇਸ਼-ਵਿਦੇਸ਼ਪੰਜਾਬਪਟਿਆਲਾ

ਪਟਿਆਲਾ ਪੁਲਿਸ ਨੇ ਨਜਾਇਜ਼ ਸਬੰਧਾਂ ਕਰਕੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਪਟਿਆਲਾ, 5 ਜਨਵਰੀ (ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਨੇ ਨਾਜਾਇਜ਼ ਸਬੰਧਾਂ ਕਰਕੇ ਸਦਰ ਥਾਣਾ ਸਮਾਣਾ ਦੇ ਪਿੰਡ ਕਾਹਨਗੜ ਭੁਤਨਾ ਦੇ ਵਾਸੀ ਤਰਸੇਮ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇਸ ਕਤਲ ਦੇ ਦੋਸ਼ੀਆਂ, ਮ੍ਰਿਤਕ ਦੀ ਪਤਨੀ ਸਮੇਤ ਇਕ ਹੋਰ ਜਣੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਰੇਂਜ ਦੇ ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ ਨੇ ਕੀਤਾ। ਡਾ. ਗਿੱਲ ਨੇ ਦੱਸਿਆ ਕਿ ਮ੍ਰਿਤਕ 23 ਨਵੰਬਰ 2017 ਨੂੰ ਗੁੰਮ ਹੋ ਗਿਆ ਸੀ ਤੇ ਐਸ.ਐਸ.ਪੀ. ਪਟਿਆਲਾ ਡਾ.ਐਸ ਭੂਪਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਮਾਮਲੇ ਦੀ ਛਾਣਬੀਣ ਕਰਦਿਆਂ ਐਸ.ਪੀ. ਜਾਂਚ ਸ੍ਰੀ ਹਰਵਿੰਦਰ ਸਿੰਘ ਵਿਰਕ ਅਤੇ ਡੀ.ਐਸ.ਪੀ. ਸਮਾਣਾ ਸ੍ਰੀ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਸਮਾਣਾ ਦੇ ਐਸ.ਐਚ.ਓ. ਇੰਸਪੈਕਟਰ ਹਰਮਨਪ੍ਰੀਤ ਸਿੰਘ ਅਤੇ ਏ.ਐਸ.ਆਈ. ਛੱਜੂ ਸਿੰਘ ਨੇ ਇਸ ਵਿਅਕਤੀ ਦੀ ਗੁੰਮਸ਼ੁਦਗੀ ਦੇ ਮਾਮਲੇ ਨੂੰ ਸੁਲਝਾ ਕੇ ਉਸਦਾ ਕਤਲ ਹੋਣਾ ਪਾਇਆ।
ਡੀ.ਆਈ.ਜੀ. ਡਾ. ਗਿੱਲ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ 43 ਸਾਲਾਂ ਦੇ ਮ੍ਰਿਤਕ ਤਰਸੇਮ ਸਿੰਘ ਸਮਾਣਾ ਸ਼ਹਿਰ ਵਿੱਚ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ, ਦੀ ਪਤਨੀ ਰਾਜ ਕੌਰ ਦੇ ਸੁਖਚੈਨ ਸਿੰਘ ਉਰਫ਼ ਚੈਨੀ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਦਫ਼ਤਰੀ ਵਾਲਾ ਥਾਣਾ ਪਾਤੜਾਂ ਨਾਲ ਨਜਾਇਜ ਸਬੰਧ ਬਣ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਕੱਦਮਾ ਨੰਬਰ 02 ਮਿਤੀ 04-01-18 ਅ/ਧ 302, 201, 120-ਬੀ ਤਹਿਤ ਥਾਣਾ ਸਦਰ ਸਮਾਣਾ ਵਿਖੇ ਦਰਜ ਕਰ ਲਿਆ ਅਤੇ ਰਾਜ ਕੌਰ ਤੇ ਸੁਖਚੈਨ ਸਿੰਘ ਉਰਫ ਚੈਨੀ ਨੂੰ ਭੱਜ ਜਾਣ ਦੀ ਤਿਆਰੀ ਕਰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਡਾ. ਗਿੱਲ ਨੇ ਦੱਸਿਆ ਕਿ ਮਿਤੀ 23/24 ਨਵੰਬਰ 2017 ਦੀ ਦਰਮਿਆਨੀ ਰਾਤ ਨੂੰ ਪਿੰਡ ਕਲਵਾਨੂੰ ਨੇੜੇ ਭਾਖੜਾ ਨਹਿਰ ‘ਤੇ ਸੁਖਚੈਨ ਸਿੰਘ ਨੇ ਪਰਮਜੀਤ ਕੌਰ ਵਾਸੀ ਧੂਹੜ ਰਾਹੀਂ ਤਰਸੇਮ ਸਿੰਘ ਨੂੰ ਫੋਨ ‘ਤੇ ਬੁਲਾ ਕੇ, ਉਸਨੂੰ ਮਾਰ ਕੇ ਲਾਸ਼ ਖੁਰਦ ਬੁਰਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਚੈਨੀ ਨੇ ਪਹਿਲਾਂ ਵੀ ਇੱਕ ਲੜਕੀ ਗੁਰੀ ਪਿੰਡ ਬਖੋਪੀਰ ਨਾਲ ਨਜਾਇਜ ਸਬੰਧ ਦੇ ਚਲਦਿਆਂ, ਉਸ ਲੜਕੀ ਨੂੰ ਵੀ ਇਸੇ ਤਰਾਂ ਘਰੋਂ ਬੁਲਾ ਕੇ ਇਸੇ ਜਗਾ ਪਿੰਡ ਕਲਵਾਨੂੰ ਨੇੜੇ ਭਾਖੜਾ ਨਹਿਰ ‘ਤੇ ਉਸ ਦਾ ਕਤਲ ਕਰ ਦਿੱਤਾ ਸੀ, ਜਿਸ ਕਰਕੇ ਸੁਖਚੈਨ ਸਿੰਘ ਚੈਨੀ ਵਿਰੁਧ ਮੁਕੱਦਮਾ ਨੰਬਰ 122/15 ਅ/ਧ 302,376,363 ਤੇ 366 ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਦਰਜ ਹੋਇਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਸੁਖਚੈਨ ਸਿੰਘ ਇਸ ਮੁਕੱਦਮਾ ਵਿੱਚੋਂ ਬਰੀ ਹੋ ਗਿਆ ਸੀ। ਇਸ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਡਾ. ਐਸ. ਭੂਪਤੀ, ਐਸ.ਪੀ. ਜਾਂਚ ਹਰਵਿੰਦਰ ਸਿੰਘ ਵਿਰਕ, ਐਸ.ਪੀ. ਸਿਟੀ ਕੇਸਰ ਸਿੰਘ, ਡੀ.ਐਸ.ਪੀ. ਜਾਂਚ ਸੁਖਮਿੰਦਰ ਚੌਹਾਨ, ਡੀ.ਐਸ.ਪੀ. ਸਿਟੀ-1 ਸੌਰਵ ਜਿੰਦਲ, ਪੀ.ਪੀ.ਐਸ. ਪ੍ਰੋਬੇਸ਼ਨਰ ਸਿਮਰਨਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *