ਪਟਿਆਲਾ ਹੈਰੀਟੇਜ ਫੈਸਟੀਵਲ-2018 : ਪਰਨੀਤ ਕੌਰ ਵੱਲੋਂ ਬਾਰਾਂਦਰੀ ਬਾਗ ਵਿਖੇ ਫੁੱਲਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ
ਪਟਿਆਲਾ, 26 ਫਰਵਰੀ (ਮਧੂਸਾਰ ਬਿਊਰੋ) ਪਟਿਆਲਾ ਹੈਰੀਟੇਜ ਫੈਸਟੀਵਲ-2018 ਦੇ 6 ਵੇਂ ਦਿਨ ਪੁਰਾਤਨ ਬਾਰਾਂਦਰੀ ਬਾਗ ਵਿਖੇ ਫੁੱਲਾਂ ਦੀ ਵਿਲੱਖਣ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕੀਤਾ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਵਿਰਾਸਤੀ ਉਤਸਵ ਸਾਡੀ ਨੌਜਵਾਨ ਪੀੜੀ ਨੂੰ ਪਟਿਆਲਾ ਦੀ ਵਡਮੁੱਲੀ ਵਿਰਾਸਤ ਤੇ ਪਟਿਆਲਾ ਸ਼ਹਿਰ ਦੀਆਂ ਇਤਿਹਾਸਕ ਥਾਵਾਂ ਦੇ ਇਤਿਹਾਸ ਬਾਰੇ ਜਾਣੂ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਹਨਾਂ ਕਿਹਾ ਕਿ ਫੁੱਲ ਜਿਥੇ ਮਨੁੱਖੀ ਜਿੰਦਗੀ ਦਾ ਅਹਿਮ ਹਿੱਸਾ ਹਨ ਉਥੇ ਹੀ ਵਾਤਾਵਰਨ ਨੂੰ ਹਰਿਆ ਭਰਿਆ ਤੇ ਸੁੰਦਰ ਰੱਖਣ ‘ਚ ਵੱਡਾ ਯੋਗਦਾਨ ਪਾਉਂਦੇ ਹਨ। ਉਹਨਾਂ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਰਵਾਇਤੀ ਖੇਤੀਬਾੜੀ ਦੇ ਨਾਲ-ਨਾਲ ਫੁੱਲਾਂ ਦੀ ਖੇਤੀ ਨੂੰ ਵੀ ਤਰਜੀਹ ਦੇਣ।
ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਜਿਹਨਾਂ ਦੇ ਨਾਲ ਵਿਧਾਇਕ ਘਨੌਰ ਸ਼੍ਰੀ ਮਦਨ ਲਾਲ ਜਲਾਲਪੁਰ ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ ਵੀ ਪੁਜੇ ਹੋਏ ਸਨ, ਨੇ ਪ੍ਰਦਰਸ਼ਨੀ ਵਿੱਚ ਪਟਿਆਲਾ, ਸ਼੍ਰੀ ਫਤਹਿਗੜ੍ਹ ਸਾਹਿਬ ਤੇ ਸੰਗਰੂਰ ਦੇ ਕਿਸਾਨਾਂ, ਨਰਸਰੀਆਂ ਤੇ ਆਮ ਲੋਕ ਵੱਲੋਂ ਲਿਆਂਦੇ ਕੱਟ ਫਲਾਵਰ, ਫੁੱਲਾਂ ਦੇ ਗਹਿਣੇ, ਕੈਕਟਸ, ਸਾਕੂਲੈਟਸ, ਬੋਕਸਾਈ ਪਲਾਂਟ ਅਤੇ ਵੱਖ-ਵੱਖ ਤਰ੍ਹਾਂ ਦੇ ਸਜਾਵਟੀ ਗਮਲਿਆਂ ਵਿੱਚ ਲਗਾਏ ਫੁੱਲਾਂ ਨੂੰ ਗਹੂ ਨਾਲ ਵੇਖਿਆ। ਉਹਨਾਂ ਇਸ ਮੌਕੇ ਕਲਾ ਸੰਗਮ ਵੱਲੋਂ ਲਗਾਈ ਚਿੱਤਰਾਂ ਦੀ ਪ੍ਰਦਰਸ਼ਨੀ, ਸ਼੍ਰ੍ਰੀ ਕੇ.ਕੇ. ਸੇਖੋਂ ਦੇ ਐਟੀਕ ਮਿਊਜੀਅਮ, ਪਲਾਂਟਸਮੈਨ ਸੀਡਜ, ਸ਼ੇਰਗਿੱਲ ਐਗਰੀਕਲਚਰ ਫਾਰਮ, ਮੰਜਾਲ, ਅਮੋਲਕ ਹਨੀ ਅਤੇ ਪੰਜਾਬ ਆਰਗੈਨਿਕ ਵੈਜ ਐਂਡ ਫਰੂਟ ਪ੍ਰੋਡਿਉਸ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਵੀ ਕੀਤਾ।
ਇਸ ਮੌਕੇ ਨਗਰ ਨਿਗਮ ਸਮੇਤ ਹੋਰ ਕਈ ਵਿਅਕਤੀਆਂ ਵੱਲੋਂ ਪੁਰਾਣੇ ਸਮਾਨ ਨਾਲ ਤਿਆਰ ਕੀਤੇ ਗਮਲਿਆਂ ਵਿੱਚ ਲਗਾਏ ਵੱਖ-ਵੱਖ ਕਿਸਮਾਂ ਦੇ ਫੁੱਲ ਵੀ ਖਿੱਚ ਦਾ ਕੇਂਦਰ ਸਨ। ਇਸ ਮੌਕੇ ਮਾਊਟ ਲਿਟਰਾ ਸਕੂਲ ਦੇ ਬੱਚਿਆਂ ਨੇ ਬੈਂਡ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਫਲਾਵਰ ਸ਼ੋਅ ਵਿੱਚ ਵਿਸ਼ੇਸ਼ ਤੌਰ ‘ਤੇ ਪੁਜੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ਼੍ਰੀ ਸੰਜੀਵ ਬੇਰੀ ਦੀ ਧਰਮ ਪਤਨੀ ਸ਼੍ਰੀਮਤੀ ਅੰਜਲੀ ਬੇਰੀ, ਡਵੀਜ਼ਨਲ ਕਮਿਸ਼ਨਰ ਸ਼੍ਰੀ ਵੀ. ਕੇ. ਮੀਨਾ ਦੇ ਧਰਮ ਪਤਨੀ ਸ਼੍ਰੀਮਤੀ ਕ੍ਰਿਸ਼ਨਾ ਮੀਨਾ, ਆਈ.ਜੀ. ਸ਼੍ਰੀ ਏ.ਐਸ. ਰਾਏ ਦੇ ਧਰਮ ਪਤਨੀ ਸ਼੍ਰੀਮਤੀ ਅਨੂ ਰਾਏ, ਐਸ.ਐਸ.ਪੀ. ਡਾ: ਐਸ. ਭੂਪਤੀ ਦੇ ਧਰਮ ਪਤਨੀ ਸ਼੍ਰੀਮਤੀ ਕ੍ਰਿਤਿਕ ਭੂਪਤੀ, ਡੀ.ਆਈ.ਜੀ. ਡਾ: ਸੁਖਚੈਨ ਸਿੰਘ ਗਿੱਲ ਦੇ ਧਰਮ ਪਤਨੀ ਡਾ: ਮਨਜਿੰਦਰ ਕੌਰ ਗਿੱਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਸ਼੍ਰੀਮਤੀ ਪਰਨੀਤ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।
ਇਸ ਮੌਕੇ ਵਿਧਾਇਕ ਘਨੌਰ ਸ਼੍ਰੀ ਮਦਨ ਲਾਲ ਜਲਾਲਪੁਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਅੰਮਿਤਪ੍ਰਤਾਪ ਸਿੰਘ ਹਨੀ ਸੇਖੋਂ, ਪੰਜਾਬ ਪ੍ਰਦੇਸ਼ ਕਾਗਰਸ ਦੇ ਸਕੱਤਰ ਸ਼੍ਰੀ ਸਚਿਨ ਸ਼ਰਮਾਂ, ਐਸ.ਡੀ.ਐਮ. ਨਾਭਾ ਸ਼੍ਰੀਮਤੀ ਜਸਨਪ੍ਰੀਤ ਕੌਰ, ਡਾਇਰੈਕਟਰ ਬਾਗਬਾਨੀ ਵਿਭਾਗ ਡਾ: ਪੀ.ਐਸ ਔਲਖ, ਡਿਪਟੀ ਡਾਇਰੈਕਟਰ ਸਥਾਨਕ ਸ਼੍ਰੀਮਤੀ ਜੀਵਨਜੋਤ ਕੌਰ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ: ਇਸ਼ਮਤ ਵਿਜੇ ਸਿੰਘ, ਪੀ.ਸੀ.ਐਸ. ਸ਼੍ਰੀ ਕੁਮਾਰ ਵਿਸ਼ਵਾਸ਼, ਬਾਲ ਵਿਕਾਸ ਅਫ਼ਸਰ ਸ਼੍ਰੀਮਤੀ ਸ਼ਾਇਨਾ ਕਪੂਰ, ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਸਵਰਨ ਸਿੰਘ ਮਾਨ, ਐਸ.ਪੀ. ਸ਼੍ਰੀ ਅਮਰਜੀਤ ਸਿੰਘ ਘੁੰਮਣ, ਸ. ਸੁਰਿੰਦਰਜੀਤ ਸਿੰਘ ਵਾਲੀਆ ਸ਼੍ਰੀ ਅਬਦੁਲ ਸਾਹਿਦ, ਸ਼੍ਰੀ ਗੁਰਪ੍ਰੀਤ ਸਿੰਘ ਸ਼ੇਰਗਿੱਲ ਸਮੇਤ ਵੱਡੀ ਗਿਣਤੀ ਵਿੱਚ ਪਟਿਆਲਾ, ਸ਼੍ਰੀ ਫਤਹਿਗੜ੍ਹ ਸਾਹਿਬ ਤੇ ਸੰਗਰੂਰ ਜ਼ਿਲ੍ਹੇ ਦੇ ਵਸਨੀਕ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੀ ਹਾਜਰ ਸਨ।
ਇਸ ਫੁੱਲਾਂ ਦੀ ਪ੍ਰਦਰਸ਼ਨੀ ਮੌਕੇ ਵੱਖ-ਵੱਖ ਵਰਗਾਂ ਦੀਆਂ 1008 ਐਟਰੀਆਂ ਪੁਜੀਆਂ ਜਿਹਨਾਂ ਵਿੱਚ ਪਹਿਲੇ ਤੇ ਦੂਸਰੇ ਸਥਾਨ ਤੇ ਆਉਣ ਵਾਲਿਆ ਨੂੰ ਪੁਰਸਕਾਰ ਵੀ ਵੰਡੇ ਗਏ। ਇਸ ਮੌਕੇ ਬਣਾਏ ਫੂਡ ਕੋਰਟ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਖਿਚ ਦਾ ਕੇਂਦਰ ਰਹੇ।

