ਮਾਮਲਾ ਵਾਰਡ ਨੰ. 29, ਸ਼੍ਰੀ ਚੰਦ ਕਲੋਨੀ ਦੇ ਕਈ ਘਰਾਂ ਦਾ ਪਾਣੀ ਕੁਨੇਕਸਨ ਕੱਟਣ ਦਾ?
ਸ਼੍ਰੀ ਚੰਦ ਕਲੋਨੀ ਦੇ ਵਸਨੀਕਾਂ ਨਾਲ ਕਿਸੇ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਖੱਟੜਾ
ਪਟਿਆਲਾ 3 ਅਗਸਤ (ਮਧੂਸਾਰ ਬਿਊਰੋ) ਵਾਰਡ ਨੰ. 29 ਐਸ.ਐਸ.ਟੀ. ਨਗਰ ਪਟਿਆਲਾ ਦੇ ਨਾਲ ਲਗਦੀ ਸ਼੍ਰੀ ਚੰਦ ਕਲੋਨੀ ਵਿਖੇ ਕਈ ਸਾਲਾਂ ਤੋਂ ਰਹਿ ਰਹੇ ਵਸਨੀਕਾਂ ਦੇ ਘਰਾਂ ਦੇ ਪਾਣੀ ਦਾ ਕੁਨੈਕਸ਼ਨ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਅਧਿਕਾਰੀਆਂ ਵਲੋਂ ਕੱਟ ਦਿੱਤੇ ਜਾਣ ਤੇ ਇਸ ਇਲਾਕੇ ਦੇ ਕਈ ਘਰਾਂ ਦੇ ਲੋਕ ਅਤ ਦੀ ਗਰਮੀ ਵਿੱਚ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਗਏ ਹਨ।
ਇਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਟਿਅਲਾ ਦਿਹਾਤੀ ਦੇ ਇੰਚਾਰਜ ਸ੍ਰ. ਸਤਬੀਰ ਸਿੰਘ ਖੱਟੜਾ, ਵਾਰਡ ਨੰ. 29 ਦੇ ਇੰਚਾਰਜ ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ, ਵਾਰਡ ਨੰ. 28 ਦੇ ਇੰਚਾਰਜ ਤੇ ਸਾਬਕਾ ਡਿਪਟੀ ਮੇਅਰ ਸ਼੍ਰੀ ਹਰਿੰਦਰ ਕੋਹਲੀ ਤੇ ਸਾਬਕਾ ਮੈਂਬਰ ਇੰਪਰੂਵਮੈਂਟ ਟਰੱਸਟ ਪਟਿਆਲਾ ਸ੍ਰ. ਰਵਿੰਦਰ ਸਿੰਘ ਵਿੰਦਾ ਮੌਕੇ ਦਾ ਜਾਇਜਾ ਲੈਣ ਸ਼੍ਰੀ ਚੰਦ ਕਲੋਨੀ ਵਿਖੇ ਪੁੱਜੇ। ਇਸ ਮੌਕੇ ਇਲਾਕੇ ਦੇ ਵਸਨੀਕਾਂ ਵਲੌਂ ਕਾਂਗਰਸ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਗਿਆ ਤੇ ਉਹਨਾਂ ਇਲਜਾਮ ਲਗਾਇਆ ਕਿ ਵਾਰਡ ਨੰ. 29 ਦੀ ਕਾਂਗਰਸੀ ਕੌਂਸਲਰ ਸ਼੍ਰੀਮਤੀ ਸੁਨੀਤ ਗੁਪਤਾ ਦੇ ਪਤੀ ਸ਼੍ਰੀ ਰਾਕੇਸ਼ ਗੁਪਤਾ ਵਲੋਂ ਖੁਦ ਟਰੱਸਟ ਅਧਿਕਾਰੀਆਂ ਦੇ ਨਾਲ ਆ ਕੇ ਉਹਨਾਂ ਦੇ ਘਰਾਂ ਦੇ ਪਾਣੀ ਕੁਨੈਕਸ਼ਨ ਕਟਵਾਏ ਗਏ ਹਨ। ਇਸ ਮੌਕੇ ਬੰਟੀ, ਗੁਰਦੇਵ ਸਿੰਘ, ਸਦੀਕ, ਨਿੱਕੂ ਨੇ ਦੱਸਿਆ ਕਿ ਉਹ 50 ਸਾਲਾਂ ਤੋਂ ਇਥੇ ਰਹਿ ਰਹੇ ਹਨ ਤੇ ਉਹਨਾਂ ਦੇ ਘਰਾ ਵਿੱਚ ਬਿਜਲੀ ਕੁਨੈਕਸ਼ਨ ਲਗੇ ਹੋਏ ਹਨ ਤੇ ਉਹਨਾਂ ਦੇ ਇਥੋਂ ਦੇ ਵੋਟਰ ਕਾਰਡ ਤੇ ਆਧਾਰ ਕਾਰਡ ਵੀ ਬਣੇ ਹੋਏ ਹਨ ਤੇ ਅੱਜ ਉਹਨਾਂ ਦੀ ਕਲੋਨੀ ਨੂੰ ਅਵੈਦ ਕਰਾਰ ਦੇ ਕੇ ਬਿਨਾਂ ਕਿਸੇ ਨੋਟਿਸ ਸਾਡੇ ਘਰਾਂ ਦੇ ਪਾਣੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਕਾਲੋਨੀ ਅਵੈਦ ਹੈ ਤਾਂ ਬਾਕੀ ਸ਼ਹਿਰ ਵਿੱਚ ਵੀ 86 ਅਵੈਦ ਕਲੋਨੀਆਂ ਹਨ ਤੇ ਸਰਕਾਰ ਨੂੰ ਉਹ ਕਿਉਂ ਨਹੀਂ ਦਿਖਾਈ ਦਿੰਦੀਆਂ। ਇਸ ਮੌਕੇ ਸ੍ਰ. ਸਤਬੀਰ ਸਿੰਘ ਖੱਟੜਾ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਉਹ ਉਹਨਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦੇਣਗੇ ਤੇ ਅੱਜ ਕਾਂਗਰਸ ਸਰਕਾਰ ਜੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇ ਸਕਦੀ ਤਾਂ ਕਿਸੇ ਨੂੰ ਸਮਾਜ ਵਿੱਚ ਸਨਮਾਨ ਯੋਗ ਜੀਵਨ ਜੀਉਣ ਦਾ ਅਧਿਕਾਰ ਵੀ ਨਹੀਂ ਖੋਹ ਸਕਦੇ। ਇਸ ਦੌਰਾਨ ਸ੍ਰ. ਖੱਟੜਾ ਵੱਲੋਂ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ. ਨਾਲ ਇਲਾਕਾ ਨਿਵਾਸੀਆਂ ਨੂੰ ਨਾਲ ਲਿਜਾਕੇ ਮੁਲਾਕਾਤ ਕੀਤੀ ਗਈ ਤੇ ਸ਼੍ਰੀ ਸੂਦਨ ਵਲੋਂ ਸ਼ਨੀਵਾਰ ਤੱਕ ਇਸ ਮਸਲੇ ਦਾ ਹਲ ਕਰਨ ਦਾ ਭਰੋਸਾ ਦਿਤਾ ਗਿਆ। ਇਸ ਮੌਕੇ ਵਾਰਡ ਨੰ. 29 ਤੋਂ ਅਕਾਲੀ ਭਾਜਪਾ ਦੇ ਮੁੱਖ ਸੇਵਾਦਾਰ ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ ਨੇ ਕਿਹਾ ਕਿ ਉਹ ਵਾਰਡ ਨਿਵਾਸੀਆਂ ਨਾਲ ਚਟਾਨ ਵਾਂਗ ਖੱੜੇ ਹਨ ਤੇ ਸਰਕਾਰ ਦੀ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣਾ ਉਹਨਾਂ ਨੂੰ ਚੰਗੀ ਤਰਾਂ ਆਉਂਦਾ ਹੈ। ਇਸ ਮੌਕੇ ਰਾਮ, ਬੰਟੀ, ਅਨੰਦ, ਸਾਦਿਕ, ਮੁਹੰਮਦ ਆਸਿਫ, ਨਿੱਕੂ, ਗੁਰਦੇਵ ਸਿੰਘ, ਨਰਿੰਦਰ ਕਾਲੂ, ਸੁੱਖੀ ਚੀਮਾ, ਨਰੈਨਦਾਸ, ਸ਼ਕੁੰਤਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

