ਪੰਜਾਬ

ਪੰਜਾਬੀ ਯੂਨੀਵਰਸਿਟੀ ਵਿਖੇ ਸਾਹਿਤ ਅਕਾਦਮੀ ਵੱਲੋਂ ਸਨਮਾਨ ਸਮਾਰੋਹ

ਚੰਡੀਗੜ੍ਹ/14 ਅਗਸਤ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿਖੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਇਕ ਸਨਮਾਨ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਦੋ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।

ਲੋਕਧਾਰਾ ਦੇ ਖੇਤਰ ਵਿਚ ਨਿੱਠ ਕੇ ਕੰਮ ਕਰਨ ਵਾਲੇ ਡਾ. ਨਾਹਰ ਸਿੰਘ ਨੂੰ ‘ਡਾ. ਰਵਿੰਦਰ ਰਵੀ ਯਾਦਗਾਰੀ ਸਨਮਾਨ’ ਦਿੱਤਾ ਗਿਆ ਅਤੇ ਪੰਜਾਬੀ ਨਾਟਕਕਾਰ ਅਤੇ ਰੰਗਕਰਮੀ ਦਵਿੰਦਰ ਦਮਨ ਨੂੰ ‘ਗੁਰਸ਼ਰਨ ਭਾਜੀ ਯਾਦਗਾਰੀ ਐਵਾਰਡ’ ਨਾਲ ਨਿਵਾਜਿਆ ਗਿਆ। ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ.ਐੱਸ. ਘੁੰਮਣ ਵੱਲੋਂ ਦੋਹਾਂ ਸ਼ਖਸੀਅਤਾਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਵੱਲੋਂ ਪੰਜਾਬ ਵਿਭਾਗ ਦੀਆਂ ਨਿਰੰਤਰ ਸਰਗਰਮੀਆਂ ਤੇ ਵੀ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ ਗਈ। ਡਾ. ਨਾਹਰ ਸਿੰਘ ਦੀ ਸ਼ਖਸੀਅਤ ਬਾਰੇ ਡਾ. ਰਾਜਿੰਦਰਪਾਲ ਸਿੰਘ ਬਰਾੜ ਵੱਲੋਂ ਪੇਪਰ ਪੜ੍ਹਿਆ ਗਿਆ ਅਤੇ ਦਵਿੰਦਰ ਦਮਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਡਾ. ਸਾਹਿਬ ਸਿੰਘ ਵੱਲੋਂ ਆਪਣੇ ਭਾਸ਼ਣ ਵਿਚ ਕੀਤਾ ਗਿਆ। ਡਾ. ਬਰਾੜ ਵੱਲੋਂ ਨਾਹਰ ਸਿੰਘ ਬਾਰੇ ਦੱਸਿਆ ਕਿ ਉਹ ਲੋਕਧਾਰਾ ਦੇ ਇਕੱਤਰੀਕਰਣ ਤੋਂ ਇਲਾਵਾ ਇਸ ਦਾ ਮਿਆਰੀ ਵਿਸ਼ਲੇਸਣ ਕਰਨ ਅਤੇ ਲੋਕਧਾਰਾ ਦੀ ਅਧਿਐਨ ਵਿਧੀ ਦਾ ਇਕ ਸੁਤੰਤਰ ਮਾਡਲ ਸਥਾਪਿਤ ਕਰਨ ਵਿਚ ਸਫਲ ਰਹੇ ਹਨ ਜੋ ਕਿ ਬਹੁਤ ਵੱਡੀ ਗੱਲ ਹੈ। ਡਾ. ਸਾਹਿਬ ਸਿੰਘ ਵੱਲੋਂ ਨਾਟਕਕਾਰ ਦਮਨ ਬਾਰੇ ਕਿਹਾ ਗਿਆ ਕਿ ਉਹ ਫਲਸਫੇ ਦਾ ਬਿਆਨੀਕਰਣ ਅਤੇ ਰੰਗਮੰਚੀ ਸੂਝ ਦਾ ਸੁਮੇਲ ਸਿਰਜਣ ਵਾਲੇ ਸਮਰੱਥ ਅਤੇ ਵਿਲੱਖਣ ਨਾਟਕਕਾਰ ਹੋਣ ਦੇ ਬਾਵਜੂਦ ਸਾਹਿਤ ਜਗਤ ਵਿਚ ਬੜੀ ਦੇਰ ਤਕ ਅਣਗੌਲੇ ਰਹੇ ਹਨ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਜੋ ਕਿ ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਕਰ ਰਹੇ ਸਨ, ਵੱਲੋਂ ਵੀ ਦੋਹਾਂ ਸ਼ਖਸੀਅਤਾਂ ਦੇ ਪੰਜਾਬੀ ਸਾਹਿਤ ਵਿਚਲੇ ਯੋਗਦਾਨ ਸੰਬੰਧੀ ਅਹਿਮ ਟਿੱਪਣੀਆਂ ਕੀਤੀਆਂ ਗਈਆਂ। ਸਨਮਾਨ ਦੀ ਰਸਮ ਵਾਈਸ-ਚਾਂਸਲਰ ਡਾ. ਬੀ.ਐੱਸ. ਘੁੰਮਣ, ਸਾਹਿਤ ਅਕਾਦਮੀ ਦੇ ਪ੍ਰਧਾਨ ਸ਼੍ਰੀ ਰਵਿੰਦਰ ਭੱਠਲ ਅਤੇ ਮਰਹੂਮ ਪ੍ਰੋਫੈਸਰ ਡਾ. ਰਵਿੰਦਰ ਰਵੀ ਦੀ ਪਤਨੀ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸੈਣੀ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *