ਡਿਪਟੀ ਕਮਿਸ਼ਨਰ ਵੱਲੋਂ ਘੱਗਰ, ਟਾਂਗਰੀ ਤੇ ਮਾਰਕੰਡਾ ਦਰਿਆ ਦਾ ਦੌਰਾ
ਖ਼ਤਰੇ ਦੀ ਕੋਈ ਗੱਲ ਨਹੀਂ, ਸਭ ਕੁਝ ਠੀਕ-ਠਾਕ-ਕੁਮਾਰ ਅਮਿਤ
ਦੇਵੀਗੜ੍ਹ/ਪਟਿਆਲਾ, 25 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਮੁੜ ਘੱਗਰ ਦਰਿਆ ਸਮੇਤ ਟਾਂਗਰੀ ਅਤੇ ਮਾਰਕੰਡਾ ਦਰਿਆ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਦਵਿੰਦਰ ਸਿੰਘ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਭ ਕੁਝ ਠੀਕ-ਠਾਕ ਅਤੇ ਸਥਿਤੀ ਨਿਯੰਤਰਣ ਹੇਠ ਹੈ, ਇਸ ਲਈ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਡਰਨ ਦੀ ਲੋੜ ਨਹੀਂ ਪਰੰਤੂ ਫਿਰ ਵੀ ਲੋਕ ਅਫ਼ਵਾਹਾਂ ਤੋਂ ਸੁਚੇਤ ਰਹਿਣ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਘੱਗਰ ਦਰਿਆ ‘ਚ ਭਾਂਖਰਪੁਰ ਵਿਖੇ ਪਾਣੀ ਅੱਜ ਦੁਪਿਹਰ 2.8 ਫੁੱਟ ‘ਤੇ ਵਗ ਰਿਹਾ ਸੀ ਜਦੋਂਕਿ ਇਥੇ ਵੱਧ ਤੋਂ ਵੱਧ ਪਾਣੀ 10 ਫੁੱਟ ‘ਤੇ ਜਾ ਸਕਦਾ ਹੈ। ਇਸੇ ਤਰ੍ਹਾਂ ਸਰਾਲਾ ਹੈਡ ‘ਤੇ ਪਾਣੀ 13 ਫੁੱਟ ‘ਤੇ ਵਗ ਰਿਹਾ ਹੈ ਅਤੇ ਇਥੇ ਵੀ ਪਾਣੀ 16 ਫੁੱਟ ‘ਤੇ ਜਾ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਖਨੌਰੀ ਵਿਖੇ ਘੱਗਰ 744.50 ਫੁਟ ਗੇਜ਼ ‘ਤੇ ਵੱਗ ਰਿਹਾ ਹੈ ਜਦੋਂਕਿ ਇਥੇ ਵੱਧ ਤੋਂ ਵੱਧ ਸਮਰੱਥ 751 ਫੁੱਟ ਹੈ। ਇਸੇ ਤਰ੍ਹਾਂ ਦਰਿਆ ਟਾਂਗਰੀ ‘ਚ ਪਾਣੀ 9 ਫੁੱਟ ‘ਤੇ ਹੈ ਤੇ ਇਥੇ ਪਾਣੀ 12 ਫੁੱਟ ‘ਤੇ ਜਾ ਸਕਦਾ ਹੈ ਅਤੇ ਮਾਰਕੰਡਾ ਦਰਿਆ ਵਿੱਚ ਪਾਣੀ 16 ਫੁੱਟ ‘ਤੇ ਵਗ ਰਿਹਾ ਹੈ ਅਤੇ ਇਥੇ ਪਾਣੀ 20 ਫੁੱਟ ਤੱਕ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪ੍ਰਸਾਸ਼ਨ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲ੍ਹੇ ‘ਚੋਂ ਲੰਘਦੇ ਸਾਰੇ ਨਿਕਾਸੀ ਨਾਲੇ ਤੇ ਦਰਿਆ ਆਪਣੀ ਨਿਰਧਾਰਤ ਸਮਰੱਥਾ ਮੁਤਾਬਕ ਪੂਰਾ ਪਾਣੀ ਖਿੱਚ ਰਹੇ ਹਨ। ਜਦੋਂਕਿ ਸਰਾਲਾ ਹੈਡ ‘ਤੇ ਬੂਟੀ ਦੀ ਜਲ ਨਿਕਾਸ ਵਿਭਾਗ ਵੱਲੋਂ ਸਫ਼ਾਈ ਜੇ.ਸੀ.ਬੀ. ਮਸ਼ੀਨ ਨਾਲ ਕਰਵਾਈ ਜਾ ਰਹੀ ਹੈ।
ਸ੍ਰੀ ਕੁਮਾਰ ਅਮਿਤ ਨੇ ਇਸ ਦੌਰਾਨ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹੋਰ ਵਧੇਰੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਐਕਸੀਐਨ ਸ. ਦਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਸਾਰੇ ਬਰਸਾਤੀ ਨਦੀ, ਨਾਲਿਆਂ ਤੇ ਦਰਿਆਵਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਪੂਰੀ ਤਰ੍ਹਾਂ ਚੌਕਸ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਵਚਨਬੱਧ ਹੈ।

