ਡਾ. ਕਿਰਨ ਕੁਮਾਰੀ ਨੂੰ ਅੰਤਰਰਾਸ਼ਟਰੀ ਵਿਕਲਾਂਗ ਦਿਵਸ ਦੇ ਮੌਕੇ ਤੇ ਐਵਾਰਡ
ਪਟਿਆਲਾ, 13 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ. ਕਿਰਨ ਕੁਮਾਰੀ ਨੂੰ ਅੰਤਰਰਾਸ਼ਟਰੀ ਵਿਕਲਾਂਗ ਦਿਵਸ ਦੇ ਮੌਕੇ ਤੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਥ ਵੱਲੋਂ ‘ਰੋਲ ਆਫ ਮਾਡਲ’ ਐਵਾਰਡ ਨਾਲ ਸਨਮਾਨਿਆ ਜਾਣਾ ਹੈ। 3 ਦਸੰਬਰ ਨੂੰ ਮਿਲਣ ਵਾਲੇ ਇਸ ਵੱਕਾਰੀ ਐਵਾਰਡ ਸੰਬੰਧੀ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਸੰਬੰਧਤ ਵਿਭਾਗ ਵੱਲੋਂ ਬਕਾਇਦਾ ਪੱਤਰ ਲਿਖ ਕੇ ਸੂਚਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡਾ. ਕਿਰਨ ਕੁਮਾਰੀ ਨੇਤਰਹੀਣ ਹੋਣ ਦੇ ਬਾਵਜੂਦ ਆਪਣੀ ਸਖਤ ਮਿਹਨਤ ਦੇ ਬਲਬੂਤੇ ਯੂਨੀਵਰਸਿਟੀ ਦੇ ਇਸ ਵਿਭਾਗ ਵਿਖੇ ਅਧਿਆਪਕਾਂ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਖੋਜ਼ ਦੇ ਖੇਤਰ ਵਿਚ ਉਨ੍ਹਾਂ ਦੇ ਅੰਤਰਗਤ ਹੁਣ ਤਕ ਇਕ ਵਿਦਿਆਰਥੀ ਵੱਲੋਂ ਆਪਣੀ ਪੀ-ਐੱਚ. ਡੀ. ਸੰਪੰਨ ਕਰ ਲਈ ਗਈ ਹੈ ਜਦੋਂ ਕਿ ਪੰਜ ਹੋਰ ਵਿਦਿਆਰਥੀ ਪੀ-ਐੱਚ.ਡੀ. ਅਤੇ ਸੱਤ ਵਿਦਿਆਰਥੀ ਐਮ.ਫਿਲ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਪਿਛਲੇ ਸਾਲ ਤਿੰਨ ਦਿਸੰਬਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਆ ਜਾ ਚੁੱਕਾ ਹੈ। ਇਸ ਪ੍ਰਾਪਤੀ ਤੋਂ ਇਲਾਵਾ ਡਾ. ਕਿਰਨ ਇਸ ਸਮੇਂ ਪੰਜਾਬ ਸੂਬੇ ਦੇ ਵਿਕਲਾਂਗ ਬੋਰਡ ਦੇ ਸਲਾਹਕਾਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਆਪਣੀ ਇਨ੍ਹਾਂ ਪ੍ਰਾਪਤੀਆਂ ਕਾਰਨ ਉਹ ਜ਼ਿੰਦਗੀ ਵਿਚ ਹੋਰਨਾਂ ਲੋਕਾਂ ਲਈ ਵੀ ਪ੍ਰੇਰਣਾ ਸ਼ਰੋਤ ਵਜੋਂ ਵਿਚਰ ਰਹੇ ਹਨ।

