ਸਨੌਰ ‘ਚ ਰੇੜਕਾ ਮੁਕਿਆ : ਹਰੀਕਾ ਮੀਤ ਪ੍ਰਧਾਨਗੀ ਦੀ ਕੁਰਸੀ ‘ਤੇ ਕਾਬਜ਼
ਸਨੌਰ/ਪਟਿਆਲਾ 11 ਦਸੰਬਰ (ਕੰਵਰ ਬੇਦੀ) ਨਗਰ ਕੌਂਸਲ ਮੀਤ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਰਮਿਆਨ ‘ਚ ਲੰਮੇ ਸਮੇਂ ਤੋਂ ਚੱਲ ਰੇੜਕਾ ਉਸ ਸਮੇਂ ਸਮਾਪਤ ਹੋਇਆ, ਜਦ ਕਾਂਗਰਸ ਦੀ ਵਿਰੋਧੀ ਧਿਰ ਨੇ ਕੌਂਸਲਰ ਹਰਜਿੰਦਰ ਸਿੰਘ ਹਰੀਕਾ ਨੂੰ ਮੀਤ ਪ੍ਰਧਾਨ ਦੀ ਕੁਰਸੀ ‘ਤੇ ਕਾਬਜ਼ ਕਰ ਦਿੱਤਾ ਹੈ।
ਜ਼ਿਕਰਯੌਗ ਹੈ ਕਿ ਮੀਤ ਪ੍ਰਧਾਨਗੀ ਦੀ ਚੋਣ ਲਈ ਕੋਰਮ ਪੂਰਾ ਨਾ ਹੋਣ ਕਰਕੇ ਇਹ ਚੋਣ ਨੇਪਰੇ ਨਹੀਂ ਸੀ ਚੜੀ ਰਹੀ ਸੀ ਅਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੇ ਨਾਲ ਵੱਧ ਕੌਂਸਲਰ ਹੋਣ ਦਾ ਦਾਅਵਾ ਕਰ ਰਹੇ ਸਨ ਪਰ ਅਚਨਚੇਤ ਹਰਜਿੰਦਰ ਹਰੀਕਾ 6 ਕੌਂਸਲਰ ਲੈ ਕੇ ਪੁੱਜੇ ਤੇ ਦਾਅਵਾ ਕੀਤਾ ਕਿ ਮਿਊਂਸਪਲ ਐਕਟ ਦੀ ਧਾਰਾ 27 ਤਹਿਤ ਦੂਜੀ ਮੀਟਿੰਗ ਵਿਚ ਜਿੰਨੇ ਵੀ ਕੌਸਲਰ ਹੋਣ ਉਨਾਂ ਵਿਚੋਂ ਹੀ ਚੋਣ ਕਰਵਾਈ ਜਾ ਸਕਦੀ ਹੈ ਪਰ ਐਸ ਡੀ ਐਮ ਨੇ ਇਸ ਵਾਰ ਵੀ ਇਹ ਕੇਸ ਬਣਾ ਕੇ ਸਰਕਾਰ ਤੋ ਸੇਧ ਲੈਣ ਲਈ ਭੇਜ ਦਿਤਾ। ਅਕਾਲੀ ਦਲ ਦੇ ਕੌਂਸਲਰਾਂ ਨੇ ਇਨਾਂ ਦੋਹਾਂ ਮੀਟਿੰਗਾਂ ਦਾ ਬਾਈਕਾਟ ਕੀਤਾ ਸੀ । ਪੰਜਾਬ ਸਰਕਾਰ ਕੋਲ ਦੂਜੀ ਮੀਟਿੰਗ ਦਾ ਕੇਸ ਪੈਡਿੰਗ ਪਿਆ ਸੀ ਤੇ ਸਰਕਾਰ ਨੇ ਇਸ ਸੰਬਧੀ ਸੋਮਵਾਰ ਨੂੰ ਡੀ ਸੀ ਨੂੰ ਲਿਖ ਕੇ ਮੀਤ ਪ੍ਰਧਾਨ ਲਈ ਰੱਖੀ ਦੂਜੀ ਮੀਟਿੰਗ ਵਿਚ ਐਕਟ ਦੀ ਧਾਰਾ ਤਹਿਤ ਚੋਣ ਨੂੰ ਠੀਕ ਦੱਸਦਿਆਂ ਇਸ ਤੇ ਅਮਲ ਕਰਨ ਦੇ ਹੁਕਮ ਦਿਤੇ ਸਨ। ਨਗਰ ਕੌਂਸਲ ਦੇ ਨਵੇਂ ਬਣੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਹਰੀਕਾ ਨੇ ਇਸ ਚੋਣ ਨੂੰ ਪੂਰੀ ਤਰਾ ਕਾਨੂੰਨ ਮੁਤਾਬਿਕ ਸਹੀ ਠਹਿਰਾਇਆ ਹੇ।

