ਡਾ. ਕੁਲਦੀਪ ਸਿੰਘ ਧੀਰ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ
ਪਟਿਆਲਾ 17 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਅਤੇ ਉੱਘੇ ਪੰਜਾਬੀ ਚਿੰਤਕ ਡਾ. ਕੁਲਦੀਪ ਸਿੰਘ ਧੀਰ ਦੇ ਅਕਾਲ ਚਲਾਣੇ ਉੱਪਰ ਯੂਨੀਵਰਸਿਟੀ ਅਥਾਰਿਟੀ ਵੱਲੋਂ ਗਹਿਰੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਡਾ. ਧੀਰ ਦੇ ਅਕਾਲ ਚਲਾਣੇ ਨਾਲ ਪੰਜਾਬੀ ਚਿੰਤਨ ਜਗਤ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਜਿਹੇ ਵਖ-ਵਖ ਮਜ਼ਮੂਨਾਂ ਦਾ ਗਿਆਨ ਪੰਜਾਬੀ ਭਾਸ਼ਾ ਵਿਚ ਪੈਦਾ ਕਰ ਕੇ ਪੰਜਾਬੀ ਭਾਸ਼ਾ ਨੂੰ ਸਰੋਤ ਸਮੱਗਰੀ ਦੇ ਮਾਮਲੇ ਵਿਚ ਇਕ ਅਮੀਰ ਭਾਸ਼ਾ ਬਣਾਉਣਾ, ਜੋ ਕਿ ਪੰਜਾਬੀ ਯੂਨੀਵਰਿਸਟੀ ਦੇ ਮੂਲ ਮੰਤਵਾਂ ਵਿਚ ਸ਼ਾਮਿਲ ਹੈ, ਨੂੰ ਅਸਲੀ ਜਾਮਾ ਪਹਿਨਾਉਣ ਲਈ ਡਾ. ਧੀਰ ਨੇ ਅਥਾਹ ਕਾਰਜ ਕੀਤਾ ਹੈ। ਯੋਗ ਵਿਦਵਾਨ ਹੋਣ ਦੇ ਨਾਲ-ਨਾਲ ਯੂਨੀਵਰਸਿਟੀ ਵਿਖੇ ਵੱਖ-ਵੱਖ ਉੱਚ ਅਹੁਦਿਆਂ ਤੇ ਕਾਰਜ ਕਰਦਿਆਂ ਉਨ੍ਹਾਂ ਨੇ ਆਪਣੀ ਉੱਚ ਪ੍ਰਬੰਧਕੀ ਸੂਝ ਦਾ ਵੀ ਢੁਕਵਾਂ ਪ੍ਰਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਯੂਨੀਵਰਸਿਟੀ ਦਾ ਸੁਭਾਗ ਹੈ ਕਿ ਡਾ. ਧੀਰ ਜਿਹੇ ਵਿਦਵਾਨ ਇਸ ਦੇ ਅਹਿਮ ਅੰਗ ਰਹੇ ਹਨ।ਡੀਨ ਅਕਾਦਮਿਕ ਮਾਮਲੇ ਡਾ. ਅਮ੍ਰਿਤਪਾਲ ਕੌਰ ਨੇ ਕਿਹਾ ਕਿ ਵਿਗਿਆਨਕ ਚੇਤਨਾ ਵਾਲੀਆਂ ਆਪਣੀਆਂ ਨਿਵੇਕਲੀਆਂ ਲਿਖਤਾਂ ਜ਼ਰੀਏ ਡਾ. ਧੀਰ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਬੇਹੱਦ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਹੀ ਸਾਡੇ ਚੇਤਿਆਂ ਵਿਚ ਵਸੇ ਰਹਿਣਗੇ।
ਰਜਿਸਟਰਾਰ ਡਾ. ਦੇਵਿੰਦਰਪਾਲ ਸਿੰਘ ਸਿੱਧੂ, ਡੀਨ ਖੋਜ ਡਾ. ਗੁਰਦੀਪ ਸਿੰਘ ਬਤਰਾ, ਡੀਨ ਕਾਲਜ ਵਿਕਾਸ ਕੌਂਸਲ ਡਾ. ਜਗਰੂਪ ਕੌਰ ਅਤੇ ਡਾਇਰੈਕਟਰ ਲੋਕ ਸੰਪਰਕ ਡਾ. ਹੈਪੀ ਜੇਜੀ ਵਲੋਂ ਵੀ ਇਸ ਸੰਬੰਧੀ ਦੁਖ ਦਾ ਪ੍ਰਗਟਾਵਾ ਕੀਤਾ ਗਿਆ।

