ਸਨੌਰ ਮੰਡੀ ’ਚ ਕਿਸਾਨਾਂ ਅਤੇ ਆੜਤੀਆਂ ਵੱਲੋਂ ਧਰਨਾ, ਬਾਰਦਾਨਾ ਤੇ ਅਦਾਇਗੀ ਨਾ ਮਿਲਣ ਕਾਰਨ ਵਧਿਆ ਰੋਸ
ਪਟਿਆਲਾ, 17 ਅਪ੍ਰੈਲ (ਮਧੂਸਾਰ ਬਿਊਰੋ ਇਕ ਪਾਸੇ ਮੰਡੀਆਂ ਵਿਚ ਪਈ ਕਣਕ ਅਤੇ ਦੂਜੇ ਪਾਸੇ ਮੌਸਮ ਖਰਾਬ ਕਾਰਨ ਆੜਤੀਆਂ ਅਤੇ ਕਿਸਾਨਾ ਵਿਚ ਹਾਹਾਕਾਰ ਮਚੀ ਪਈ ਹੈ। ਕਣਕ ਦੀ ਸਹੀ ਖਰੀਦ ਨਾ ਹੋਣ, ਬਾਰਦਾਨਾ ਅਤੇ ਪੇਮੈਂਟਾਂ ਨਾ ਮਿਲਣ ਕਾਰਨ ਅੱਜ ਕਿਸਾਨ ਅਤੇ ਆੜਤੀ ਵਰਗ ਸੜਕਾਂ ‘ਤੇ ਆ ਗਏ ਹਨ। ਇਨ੍ਹਾਂ ਨੇ ਜਿਲੇ ਦੀਆਂ ਕਈ ਮੰਡੀਆਂ ਵਿਚ ਧਰਨੇ ਦੇ ਕੇ ਸੜਕਾਂ ਰੋਕੀਆਂ।
ਸਨੌਰ ਮੰਡੀ ਵਿਖੇ ਅੱਜ ਸਵੇਰ ਤੋਂ ਹੀ ਕਿਸਾਨਾਂ ਨੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਸਨੌਰ ਅਨਾਜ ਮੰਡੀ ਦੇ ਪ੍ਰਧਾਨ ਨਰੇਸ਼ ਗੋਇਲ, ਮੰਡੀ ਬੋਰਡ ਦੇ ਚੇਅਰਮੇਨ ਦੇ ਭਰਾ ਦਮੋਦਰ ਸਿੰਘ ਅਤੇ ਸਮੁੱਚੀ ਟੀਮ ਨੇ ਆਖਿਆ ਕਿ ਸਰਕਾਰ ਜਾਣਬੁੱਝ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਮੇਂ ਮੋਦੀ ਸਰਕਾਰ ਨਾਲ ਰਲ ਚੁੱਕੀ ਹੈ ਤੇ ਕਿਸਾਨਾਂ ਨੂੰ ਅਤੇ ਆੜਤੀਆਂ ਨੂੰ ਪਰੇਸ਼ਾਨ ਕਰ ਰਹੀ ਹੈ। ਨੇਤਾਵਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਕਣਕ ਦੀ ਖਰੀਦ ਮੰਡੀਆਂ ਵਿੱਚ ਨਾ ਹੋਵੇ ਤੇ ਇੱਥੋਂ ਕਣਕ ਅੰਬਾਨੀਆਂ ਅਤੇ ਅਡਾਨੀਆਂ ਦੇ ਸਟੋਰਾਂ ਵਿੱਚ ਜਾਵੇ। ਨੇਤਾਵਾਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਤੁਰੰਤ ਬਾਰਦਾਨਾ ਨਾ ਭੇਜਿਆ ਤੇ ਖਰੀਦ ਸ਼ੁਰੂ ਨਾ ਕਰਵਾਈ ਤਾਂ ਇਸਦੇ ਭਿਆਨਕ ਸਿੱਟੇ ਨਿਕਲਨਗੇ।
ਇਸ ਤੋਂ ਬਾਅਦ ਪਟਿਆਲਾ ਸਨੌਰ ਰੋਡ ’ਤੇ ਸਥਿਤ ਸਭ ਤੋਂ ਵੱਡੀ ਸਨੌਰੀ ਮੰਡੀ ਦੇ ਪ੍ਰਧਾਨ ਰਾਜੀਵ ਗੋਇਲ ਦੀ ਅਗਵਾਈ ਹੇਠ ਕਿਸਾਨਾਂ ਅਤੇ ਆੜਤੀਆਂ ਨੇ ਪਟਿਆਲਾ, ਦੇਵੀਗੜ੍ਹ ਅਤੇ ਸਨੌਰ ਅਮਨ ਚੌਂਕ ਨੂੰ ਘੇਰ ਲਿਆ ਤੇ ਜ਼ੋਰਦਾਰ ਧਰਨਾ ਦਿੱਤਾ। ਇੱਥੇ ਨੇਤਾਵਾਂ ਅਤੇ ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਜਿਲੇ ਦਾ ਕਿ ਫਾਇਦਾ ਜੇਕਰ ਇੱਥੇ ਨਾ ਸਹੀ ਢੰਗ ਨਾਲ ਖਰੀਦ ਹੋ ਰਹੀ ਹੈ ਅਤੇ ਨਾ ਹੀ ਬਾਰਦਾਨਾ ਮਿਲ ਰਿਹਾ ਹੈ। ਕਿਸਾਨਾਂ ਅਤੇ ਆੜਤੀਆਂ ਨੇ ਦੋਸ਼ ਲਗਾਇਆ ਕਿ ਅਜੇ ਤੱਕ ਜਿਸ ਕਣਕ ਦੀ ਖਰੀਦ ਹੋਈ ਹੈ, ਉਸਦਾ ਇੱਕ ਰੁਪਿਆ ਵੀ ਕਿਸਾਨਾਂ ਨੂੰ ਨਹੀਂ ਆ ਰਿਹਾ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਨਾਮ ‘ਤੇ ਅਜਿਹਾ ਉਲਝੇਵਾਂ ਪਾਇਆ ਹੈ ਕਿ ਉਸਦੀਆਂ ਫਾਰਮੈਲਟੀਆਂ ਹੀ ਪੂਰੀਆਂ ਨਹੀਂ ਹੋ ਰਹੀਆਂ। ਉਨ੍ਹਾਂ ਆਖਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਬਹਾਨੇ ਬਣਾਕੇ ਕਿਸਾਨਾਂ ਦੇ ਅਰਬਾਂ ਰੁਪਏ ਰੋਕੀ ਬੈਠੀ ਹੈ, ਜਿਸ ਦਾ ਖਾਮਿਆਜਾ ਸਰਕਾਰ ਨੂੰ ਭੁਗਤਨਾ ਪਵੇਗਾ।

