ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਨੇ ਡਿਸਟ੍ਰਿਕਟ ਗਰੀਨ ਚੈਂਪੀਅਨ ਐਵਾਰਡ ਦੇ ਕੇ ਨਿਵਾਜ਼ਿਆ
ਅੰਮ੍ਰਿਤਸਰ, ( ਸੁਖਬੀਰ ਸਿੰਘ ਮਧੂਸਾਰ ਬਿਊਰੋ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜਿਥੇ ਪੌਦਿਆਂ ਤੇ ਫੁੱਲਾਂ ਦਾ ਖੇੜਾ ਪੈਣਾ ਸ਼ੁਰੂ ਹੋ ਗਿਆ ਹੈ ਉੱਥੇ ਕੜਾਕੇ ਦੀ ਸਰਦੀ ਝੱਲਣ ਤੋਂ ਬਾਅਦ ਬੂਟਿਆਂ ਅਤੇ ਦਰਖਤਾਂ ਉਪਰ ਕੂਲੇ ਪੱਤਿਆਂ ਦੀ ਆਮਦ ਨਾਲ ਯੂਨੀਵਰਸਿਟੀ ਕੈਂਪਸ ਵਿਚ ਬਸੰਤ ਨੇ ਦਸਤਕ ਦੇ ਦਿੱਤੀ ਹੈ। ਇਸ ਮਾਹੌਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਕ ਖੁਸ਼ੀ ਦੀ ਖਬਰ ਭਾਰਤ ਸਰਕਾਰ ਦੇ ਉਚੇਰੀ ਸਿਖਿਆ ਮੰਤਰਾਲੇ ਵੱਲੋਂ ਪ੍ਰਾਪਤ ਹੋਈ ਹੈ ਜਿਸ ਵਿਚ ਯੂਨੀਵਰਸਿਟੀ ਨੂੰ ਡਿਸਟ੍ਰਿਕਟ ਗਰੀਨ ਚੈਂਪੀਅਨ ਵਜੋਂ ਮਾਨਤਾ ਦਿੱਤੀ ਗਈ ਹੈ। ਮੰਤਰਾਲੇ ਦੇ ਉਚੇਰੀ ਸਿਖਿਆ ਵਿਭਾਗ ਦੇ ਮਹਾਂਤਮਾ ਗਾਂਧੀ ਨੈਸ਼ਨਲ ਕੌਂਸਲ ਆਫ ਰੂਰਲ ਐਜੂਕੇਸ਼ਨ ਵੱਲੋਂ ਸਵੱਛਤਾ ਐਕਸ਼ਨ ਪਲਾਨ 2021-22 ਅਧੀਨ ਡਿਸਟ੍ਰਿਕਟ ਗਰੀਨ ਚੈਂਪੀਅਨ ਐਵਾਰਡ ਬਾਰੇ ਹਾਲ ਵਿਚ ਹੀ ਜਾਰੀ ਸੂਚਨਾ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਹ ਐਵਾਰਡ ਸਾਫ, ਸਵੱਛ, ਹਰਿਆਲੀ ਭਰਪੂਰ ਅਤੇ ਚੰਗੇ ਵਾਤਾਵਰਣ ਲਈ ਪ੍ਰਦਾਨ ਕੀਤਾ ਗਿਆ ਹੈ।
ਉਚੇਰੀ ਸਿਖਿਆ ਮੰਤਰਾਲੇ ਦੇ ਉਚੇਰੀ ਸਿਖਿਆ ਵਿਭਾਗ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਨੂੰ ਯੂਨੀਵਰਸਿਟੀ ਕੈਂਪਸ ਦੇ ਹਰੇ ਭਰੇ ਵਾਤਾਵਰਣ, ਸਵੱਛਤਾ, ਚੰਗੀ ਮੁਰਮੰਤ, ਪਖਾਨਿਆ ਦੀ ਸਾਫ-ਸਫਾਈ, ਵੱਡੀ ਪੱਧਰਤੇ ਪੌਦੇ ਲਗਾਉਣ ਅਤੇ ਸਵੱਛਤਾ ਭਰਪੂਰ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਤੌਰ ਤੇ ਵਧਾਈ ਸੰਦੇਸ਼ ਵੀ ਭੇਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਯੂਨੀਵਰਸਿਟੀ ਦੀ ਇਸ ਮਾਣਮੱਤੀ ਪ੍ਰਾਪਤੀਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਹੀ ਨਹੀਂ ਕਰ ਰਿਹਾ ਸਗੋਂ ਯੂਨੀਵਰਸਿਟੀ ਦੇ ਕੈਂਪਸ ਅਤੇ ਇਸ ਦੇ ਚੌਗਿਰਦੇ ਵਿਚ ਵਾਤਾਵਰਣ ਨੂੰ ਖੂਬਸੂਰਤ ਬਣਾਉਣ ਤੇ ਦੀ ਲਈ ਅਮਲੀ ਤੌਰਤੇ ਵੀ ਕੰਮ ਕਰ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਯੂਨਵਿਰਸਿਟੀ ਦਾ ਖੂਬਸੂਰਤ ਵਾਤਾਵਰਣ ਹਰ ਇਕ ਵਿਅਕਤੀ ਨੂੰ ਆਪਣੇ ਵੱਲ ਖਿਚਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਾਤਾਵਰਣ ਬਣਾਉਣ ਦੇ ਲਈ ਯੂਨੀਵਰਸਿਟੀ ਦੇ ਮੁਲਾਜ਼ਮਾਂ ਤੋਂ ਇਲਾਵਾ ਵਿਦਿਆਰਥੀਆਂ ਦਾ ਵੀ ਬਹੁਤ ਵੱਡਾ ਰੋਲ ਹੈ। ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਡਿਸਟ੍ਰਿਕਟ ਗਰੀਨ ਚੈਂਪੀਅਨ ਐਵਾਰਡ ਦਿੱਤੇ ਜਾਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਹੋਰ ਵੀ ਜ਼ਿੰਮੇਵਾਰੀ ਵੱਧ ਗਈ ਹੈ ਅਤੇ ਉਹ ਅੱਗੇ ਨਾਲੋਂ ਵੀ ਜ਼ਿਆਦਾ ਸ਼ਕਤੀ ਅਤੇ ਜ਼ਿੰਮੇਵਾਰੀ ਦੇ ਨਾਲ ਵਾਤਾਵਰਣ ਨੂੰ ਭਰਪੂਰ ਆਨੰਦਮਈ ਬਣਾਉਣ ਲਈ ਕੰਮ ਕਰਨਗੇ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੁਦਰਤ ਨਾਲ ਨੇੜਤਾ ਵਧਾਉਣ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂਤੇ ਰੋਕ ਲਗ ਸਕੇ।
ਵਾਈਸ ਚਾਂਸਲਰ, ਪ੍ਰੋ. ਡਾ. ਜਸਪਾਲ ਸਿੰਘ ਸੰਧੂ ਜੋ ਖੁਦ ਵਾਤਾਵਰਣ ਪ੍ਰਤੀ ਜਾਗਰਤੀ ਲਿਆਉਣ ਲਈ ਨਿੱਜੀ ਦਿਲਚਸਪੀ ਲੈਂਦੇ ਹਨ ਦੇ ਯਤਨਾਂ ਸਦਕਾ 2017 ਤੋਂ ਫੁੱਲਾਂ ਦੇ ਮੇਲੇ ਭਾਈ ਵੀਰ ਸਿੰਘ ਫਲਾਵਰ ਫੈਸਟੀਵਲ ਅਤੇ ਸਪਰਿੰਗ ਫੈਸਟੀਵਲ ਆਫ ਫਲਾਵਰਜ਼ ਸ਼ੁਰੂ ਕੀਤੇ ਗਏ ਹਨ ਜਿਸ ਵਿਚ ਲੋਕ ਇਸ ਮੇਲੇ ਦਾ ਹਿੱਸਾ ਬਣਦੇ ਹਨ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਹੋਰ ਵੀ ਲੋਕਾਂ ਤਕ ਪੁਚਾਉਣ ਦਾ ਸੰਕਲਪ ਲੈ ਕੇ ਵਾਪਿਸ ਪਰਤਦੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਾਤਾਵਰਣ ਦੀ ਸੰਭਾਲ ਹਿਤ ਕੈਂਪਸ ਵਿਚ ਬਹੁਤ ਸਾਰੇ ਕਾਰਜ ਆਰੰਭੇ ਅਤੇ ਪੂਰੇ ਕੀਤੇ ਗਏ ਹਨ। ਯੂਨੀਵਰਸਿਟੀ ਵੱਲੋਂ ਕੈਂਪਸ ਨੂੰ ਹੋਰ ਹਰਿਆ ਭਰਿਆ ਰੱਖਣ ਲਈ ਸਮੇਂ ਸਮੇਂ ਰੁੱਖ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸੋਲਰ ਰੂਫ਼ਟਾਪ ਪਾਵਰ ਪਲਾਂਟ ਸਥਾਪਿਤ ਕਰਨ ਤੋਂ ਇਲਾਵਾ ਕੈਂਪਸ ਨੇ ਕੇਂਦਰੀ ਮੰਤਰਾਲੇ ਦੁਆਰਾ ਦਿੱਤਾ ਗਿਆ ਦੂਜਾ ਸਭ ਤੋਂ ਸਾਫ਼ ਕੈਂਪਸ ਪੁਰਸਕਾਰ ਜਿੱਤਿਆ ਹੈ। ਵਾਟਰ ਟਰੀਟਮੈਂਟ ਪਲਾਂਟ, ਈ-ਬੱਸਾਂ, ਬੋਟੈਨੀਕਲ ਗਾਰਡਨ ਨਾਲ ਸਬੰਧਤ ਕਾਰਜ, ਸਾਫ-ਸਫਾਈ ਅਤੇ ਗਰੀਨ-ਕਲੀਨ ਕੈਂਪਸ ਸਬੰਧੀ ਹੋਰ ਕਈ ਪਹਿਲਕਦਮੀਆਂ ਨਾਲ ਯੂਨੀਵਰਸਿਟੀ ਨੇ ਵਾਤਾਵਰਣ ਤੇ ਸਫਾਈ ਪ੍ਰਤੀ ਆਪਣੀ ਗੰਭੀਰਤਾ ਦਾ ਸੁਨੇਹਾ ਦਿੱਤਾ ਹੈ।

