ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਵੱਖ ਕਰਨਾ ਵੱਡੀ ਇਤਿਹਾਸਕ ਭੁੱਲ ਹੋਵੇਗੀ: ਬਾਬਾ ਬਲਬੀਰ ਸਿੰਘ
ਪਟੇਲ ਨੇ ਕਿਹਾ ਕਿ ਪੰਜਾਬ ਹਿੰਦੋਸਤਾਨ ਦਾ ਦਿਲ ਹੈ ਜਦ ਤਕ ਦਿਲ ਠੀਕ ਨਹੀ ਹੋ ਜਾਂਦਾ ਤਦ ਤਕ ਹਿੰਦੋਸਤਾਨ ਬੇਚੈਨ ਰਹੇਗਾ
ਫਤਹਿਗੜ੍ਹ ਸਾਹਿਬ 13 ਜੂਨ (ਮਧੂਸਾਰ ਬਿਊਰੋ) ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੱੁਢਾ ਦਲ ਦੇ ਮੱੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਪੰਜਾਬ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਜਿਹੇ ਹਾਲਾਤ ਬਹੁਤ ਸਾਰੇ ਸੂਬਿਆਂ ਵਿਚ ਹਨ ਪਰ ਇਸ ਦੇ ਅਰਥ ਇਹ ਨਹੀਂ ਨਿਕਲਦੇ ਕਿ ਉਹ ਆਪਣੇ ਵਿੱਦਿਅਕ ਅਦਾਰੇ ਕੇਂਦਰ ਸਰਕਾਰ ਨੂੰ ਸੌਂਪ ਦੇਣ। ਪੰਜਾਬ ਯੂਨੀਵਰਸਿਟੀ, ਪੰਜਾਬ ਅਤੇ ਕੇਂਦਰ ਸਰਕਾਰ ਦੀ ਭਾਈਵਾਲੀ ਨਾਲ ਚੱਲਦੀ ਹੈ, ਇਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਤੋਂ ਸਹਾਇਕ ਫੰਡ ਮਿਲਣ ਨਾਲ ਵਿੱਦਿਅਕ ਅਦਾਰੇ ਦਾ ਕਿਰਦਾਰ ਚੇਹਰਾ ਮੂਹਰਾ ਨਹੀਂ ਬਦਲਦਾ, ਇਹ ਇਕ ਖ਼ਾਸ ਇਤਿਹਾਸਕ ਸੰਦਰਭ ਵਿਚ ਕੀਤਾ ਗਿਆ ਪ੍ਰਬੰਧ ਸੀ ਜਿਸ ਦੀ ਪਾਲਣਾ ਕਰਨਾ ਕੇਂਦਰ ਸਰਕਾਰ ਦਾ ਫ਼ਰਜ਼ ਹੈ। ਉਨ੍ਹਾਂ ਪੰਜਾਬ ਦੀਆਂ ਰਾਜਨੀਤਕ, ਸਭਿਆਚਾਰਕ, ਸਮਾਜਿਕ, ਵਿਦਿਅਕ ਪਾਰਟੀਆਂ ਨੂੰ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਯੂਨੀਵਰਸਿਟੀ ਬਣਾ ਕੇ ਰੱਖਣਾ ਪੰਜਾਬੀਆਂ ਦੀ ਇਤਿਹਾਸਕ ਜ਼ਿੰਮੇਵਾਰੀ ਬਣਦੀ ਹੈ।
ਅੱਜ ਏਥੋ ਸ: ਦਿਲਜੀਤ ਸਿੰਘ ਬੇਦੀ ਸਕੱਤਰ ਬੱੁਢਾ ਦਲ ਵਲੋਂ ਜਾਰੀ ਬਿਆਨ ਵਿਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਪੰਜਾਬ ਯੂਨੀਵਰਸਿਟੀ, ਜਿਸ ਦਾ ਤਸੱਵਰ ਹੀ ਉਸ ਇਤਿਹਾਸਕ ਸਭਿਆਚਾਰਕ-ਸਮਾਜਿਕ ਇਕਾਈ ਲਈ ਕੀਤਾ ਗਿਆ ਜਿਸ ਨੂੰ ਪੰਜਾਬ ਕਹਿੰਦੇ ਹਨ। ਉਨ੍ਹਾਂ ਹੋਰ ਕਿਹਾ ਸਿਆਸਤ ਨੇ ਪੰਜਾਬ ‘ਤੇ ਅਜਬ ਕਹਿਰ ਢਾਹੇ ਹਨ, ਸਦੀਆਂ ਤੋਂ ਇੱਕਠੇ ਵੱਸਦੇ ਪੰਜਾਬ ਨੂੰ ਵੰਡਿਆਂ ਤੇ ਉਜਾੜ ਦਿੱਤਾ, ਸਮਾਜ ਵਿਚ ਪਈਆ ਵੰਡੀਆਂ ‘ਤੇ ਮੱਲ੍ਹਮ ਲਾਉਣ ਦੀ ਥਾਂ ‘ਤੇ ਉਨ੍ਹਾਂ ਵੰਡੀਆਂ ਨੂੰ ਵਧਾਇਆ ਅਤੇ ਲੋਕਾਂ ਦੇ ਮਨਾਂ ਵਿਚ ਕੁੜੱਤਣ ਭਰੀ ਜਾ ਰਹੀ ਹੈ ਤਾਂ ਕਿ ਸੱਤਾ ‘ਤੇ ਕਬਜ਼ਾ ਜਮਾਇਆ ਜਾ ਸਕੇ। ਉਨ੍ਹਾਂ ਕਿਹਾ ਹੁਣ ਗਿਣੀ ਮਿਥੀ ਸਾਜਿਸ਼ ਤਾਹਿਤ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿਸੇ ਤਰ੍ਹਾਂ ਵੀ ਉਚਿਤ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਿੰਦੋਸਤਾਨ ਦਾ ਦਿਲ ਹੈ ਜਦ ਤਕ ਦਿਲ ਠੀਕ ਨਹੀਂ ਹੋ ਜਾਂਦਾ ਤਦ ਤਕ ਹਿੰਦੋਸਤਾਨ ਬੇਚੈਨ ਰਹੇਗਾ। ਪੰਜਾਬ ਯੂਨੀਵਰਸਿਟੀ ਦਾ ਪੰਜਾਬ ਨਾਲ ਸਬੰਧ ਚਿਰਸੰਜੀਵੀ, ਇਤਿਹਾਸਕ ਅਤੇ ਸਦੀਵੀ ਹੈ ਇਸ ਨੂੰ ਕੇਂਦਰੀ ਯੂਨੀਵਰਸਿਟੀ ਬਨਾਉਣਾ ਇਸ ਦੇ ਇਤਿਹਾਸ ਪ੍ਰਤੀ ਬੇਵਫਾਈ ਹੈ। ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ 180 ਤੋਂ ਜਿਆਦਾ ਕਾਲਜ ਇਸ ਨਾਲ ਸਬੰਧਿਤ ਹਨ ਇਸ ਦੇ ਖੇਤਰੀ ਕੈਂਪਸ ਪੰਜਾਬ ਵਿਚ ਹਨ।
ਬਾਬਾ ਬਲਬੀਰ ਸਿੰਘ ਨੇ ਕਿਹਾ ਚੰਡੀਗੜ੍ਹ ਦੇ ਇਕ ਅਖਬਾਰ ਨੇ ਵੇਰਵੇ ਦਿਤੇ ਹਨ ਕਿ 1870 ਵਿਚ ਪੰਜਾਬ ਯੂਨੀਵਰਸਿਟੀ ਕਾਲਜ (ਦਿ ਯੂਨੀਵਰਸਿਟੀ ਓਰੀਐਂਟਲ ਕਾਲਜ) ਲਾਹੌਰ, 1875 ਵਿਚ ਮਹਿੰਦਰਾ ਕਾਲਜ ਪਟਿਆਲਾ ਅਤੇ 1892 ਵਿਚ ਖ਼ਾਲਸਾ ਕਾਲਜ ਅੰਮਿ੍ਰਤਸਰ ਬਣਿਆ, 1882 ਵਿਚ ਯੁਨੀਵਰਸਿਟੀ ਆਫ਼ ਦਿ ਪੰਜਾਬ ਹੋਂਦ ਵਿਚ ਆਈ। ਪੰਜਾਬ ਯੂਨੀਵਰਸਿਟੀ ਕਾਲਜ ਲਾਹੌਰ ਨੂੰ ਯੂਨੀਵਰਸਿਟੀ ਆਫ਼ ਦਿ ਪੰਜਾਬ ਵਿਚ ਤਬਦੀਲ ਕੀਤਾ ਗਿਆ। ਇਸ ਕਾਲਜ ਨੂੰ ਪਟਿਆਲਾ, ਕਪੂਰਥਲਾ, ਕਸ਼ਮੀਰ ਅਤੇ ਪੰਜਾਬ ਦੇ ਹੋਰ ਰਾਜੇ- ਰਜਵਾੜਿਆ ਨੇ ਮਾਲੀ ਸਹਾਇਤਾ ਦਿੱਤੀ। ਉਨ੍ਹਾਂ ਕਿਹਾ ਕਿ ਜਾਗਰੂਕ ਲੋਕਾਂ ਦਾ ਧਰਮ ਬਣਦਾ ਹੈ ਕਿ ਉਹ ਪੰਜਾਬ ਯੁਨੀਵਰਸਿਟੀ ਦਾ ਮੌਜੂਦਾ ਕਿਰਦਾਰ ਬਹਾਲ ਰੱਖਣ ਲਈ ਸਪੱਸ਼ਟ ਜੋਰਦਾਰ ਸਟੈਂਡ ਲੈਣ। ਬਾਕੀ ਸਿਆਸੀ ਪਾਰਟੀਆਂ ਨੂੰ ਵੀ ਇਸ ਮਾਮਲੇ ‘ਤੇ ਇਕਮੱੁਠਤਾ ਦਿਖਾਉਣੀ ਚਾਹੀਦੀ ਹੈ। ਪੰਜਾਬ ਨੂੰ ਉਸ ਦੀਆਂ ਕਈ ਵਿਰਾਸਤਾਂ ਤੋਂ ਵਾਂਝਿਆਂ ਕੀਤਾ ਗਿਆ ਹੈ। ਹੁਣ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ ਤੋਂ ਵੱਖ ਕਰਨਾ ਇਕ ਇਤਿਹਾਸਕ ਭੁੱਲ ਹੋਵੇਗੀ।

