ਝੂਠ ਬੋਲੇ ਕਊਆ ਕਾਟੇ : ਖੇਡ ਪਿੱਚ ’ਤੇ ਸਿਆਸਤ : ਚੇਤਨ ਜੋੜਾਮਾਜਰਾ ਤੋਂ ਵਿਧਾਇਕ ਕੋਹਲੀ ਦੌੜ ਕਿਉਂ ਹਾਰੇ?
ਕੰਵਰ ਸਿੰਘ ਬੇਦੀ
ਪਟਿਆਲਾ 13 ਸਤੰਬਰ : ਸਿਆਸਤ ਦੀ ਪਿੱਚ ’ਤੇ ਸਭ ਜਾਇਜ਼ ਹੁੰਦਾ। ਅਕਸਰ ਹੀ ਸਿਆਸਤਦਾਨ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਕੋਈ ਨਾ ਕੋਈ ਪੈਂਤੜਾ ਮਾਰਦੇ ਰਹਿੰਦੇ ਹਨ। ਸਿਆਸਤ ਵਿਚ ਕੋਈ ਕਿਸੇ ਦਾ ਮਿੱਤ ਨਹੀਂ ਹੁੰਦਾ। ਆਖਿਆ ਜਾਂਦਾ ਸਿਆਸਤ, ਪਿਆਰ ਅਤੇ ਜੰਗ ਵਿਚ ਸਾਰਾ ਕੁਝ ਜਾਇਜ਼ ਹੁੰਦਾ, ਪਰ ਹੁਣ ਖੇਡ ’ਚ ਵੀ ਸਿਆਸਤਦਾਨ ਸਿਆਸਤ ਕਰਨ ਲੱਗ ਪਏ ਹਨ। ਇਸ ਦੀ ਮਿਸਾਲ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਵੇਖਣ ਨੂੰ ਮਿਲੀ ਹੈ। ਹਾਲਾਂਕਿ ਖੇਡ ਤਾਂ ਖੇਡ ਹੀ ਸੀ, ਪਰ ਇਸ ਨੂੰ ਇਸ ਕਰਕੇ ਅਹਿਮ ਪੱਖ ਤੋਂ ਵੇਖਿਆ ਜਾ ਰਿਹਾ ਕਿਉਂਕਿ ਖੇਡਾਂ ਦੀ ਸ਼ੁਰੂਆਤ ਮੌਕੇ ਸਰਕਾਰ ਦੇ ਮੰਤਰੀ ਸਾਹਿਬਾਨ ਪੁੱਜੇ ਹੋਏ ਸਨ। ਖੇਡਾਂ ਦੀ ਸ਼ੁਰੂਆਤ ਫਰਾਟਾ ਦੌੜ ਨਾਲ ਕਰਵਾਈ ਜਾਂਦੀ ਹੈ। ਖੇਡ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਸਮੇਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਵਿਧਾਇਕ ਡਾ. ਬਲਬੀਰ ਅਤੇ ਵਿਧਾਇਕ ਗੁਰਲਾਲ ਘਨੌਰ ਉਚੇਚੇ ਤੌਰ ’ਤੇ ਪੁੱਜਦੇ ਹਨ। ਫਰਾਟਾ ਦੌੜ ਉਸ ਸਮੇਂ ਖਿੱਚ ਦਾ ਕੇਂਦਰ ਬਣ ਗਈ, ਜਦੋਂ ਵਿਧਾਇਕ ਦੌੜ ਲਾਉਣ ਵਾਲੀ ਕਤਾਰ ’ਚ ਲੱਗ ਗਏ।
ਦੌੜ ਦੀ ਸ਼ੁਰੂਆਤ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਾਰੇ ਵਿਧਾਇਕਾਂ ਨੂੰ ਪਛਾੜਦੇ ਹੋਏ ਅੱਗੇ ਨਿਕਲ ਜਾਂਦੇ ਹਨ ਅਤੇ ਅਜਿਹਾ ਜਾਪ ਰਿਹਾ ਸੀ ਕਿ ਏਸ ਵਾਰ ਵਿਧਾਇਕ ਕੋਹਲੀ ਇਕ ਵਾਰ ਫੇਰ ਜੇਤੂ ਐਲਾਨੇ ਜਾਣਗੇ, ਪ੍ਰੰਤੂ ਖੇਡ ’ਚ ਸਿਆਸਤ ਪ੍ਰਵੇਸ਼ ਕਰਦੀ ਹੈ ਅਤੇ ਵਿਧਾਇਕ ਕੋਹਲੀ ਦੌੜਦੇ ਹੋਏ ਜਿਵੇਂ ਹੀ ਆਪਣੀ ਰਫਤਾਰ ਨੂੰ ਘੱਟ ਕਰਦੇ ਹਨ ਉਸ ਸਮੇਂ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵਿਧਾਇਕ ਕੋਹਲੀ ਸਮੇਤ ਹੋਰਨਾਂ ਵਿਧਾਇਕਾਂ ਨੂੰ ਪਛਾੜਦੇ ਹੋਏ ਅੱਗੇ ਨਿਕਲ ਜਾਂਦੇ ਹਨ ਅਤੇ ਦੌੜ ਜਿੱਤ ਲੈਂਦੇ ਹਨ। ਹਾਲਾਂਕਿ ਖੇਡ ਤਾਂ ਖੇਡ ਸੀ, ਪ੍ਰੰਤੂ ਚਰਚਾ ਬਣੀ ਕਿ ਵਿਧਾਇਕ ਕੋਹਲੀ ਜੋ ਅਕਸਰ ਹੀ ਸਿਆਸਤ ਦੀ ਪਿੱਚ ’ਤੇ ਜਿੱਤਣ ਲਈ ਦਾਅ ਪੇਚ ਮਾਰਦੇ ਰਹਿੰਦੇ ਹਨ ਉਹ ਦੌੜ ਕਿਉਂ ਹਾਰ ਗਏ? ਵਿਧਾਇਕ ਕੋਹਲੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਵਰਗੇ ਕੱਦਵਾਰ ਨੇਤਾ ਨੂੰ ਸਿਆਸਤ ਦੀ ਪਿੱਚ ਤੋਂ ਆਊਟ ਕੀਤਾ ਅਤੇ ਇਸ ਖੇਡ ਦੌਰਾਨ ਵੀ ਵਿਧਾਇਕ ਕੋਹਲੀ ਖੇਡ ਪਿੱਚ ’ਤੇ ਸਿਆਸਤ ਕਰ ਗਏ ਅਤੇ ਖੁਦ ਦੌੜ ਹਾਰਕੇ ਇਹ ਸਪੱਸ਼ਟ ਕਰ ਗਏ ਕਿ ਕਈ ਵਾਰ ਜਿੱਤਣ ਲਈ ਹਾਰਨਾ ਵੀ ਪੈਂਦਾ ਹੈ ਅਤੇ ਸਿਆਸਤ ਦੀ ਪਿੱਚ ’ਤੇ ਕਈ ਵਾਰ ਹਾਰ ਕੇ ਜਿੱਤਣ ਲਈ ਵੀ ਅਜਿਹੀ ਖੇਡ ਵੀ ਖੇਡਣੀ ਪੈਂਦੀ ਹੈ।

