ਡਿਪਟੀ ਕਮਿਸ਼ਨਰ ਨੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਦਾ ਨੇਚਰ ਕੰਜ਼ਰਵੈਂਸੀ ਸੰਸਥਾ ਨੇ ਕੀਤਾ ਉਪਰਾਲਾ
ਪਰਾਲੀ ਜ਼ਮੀਨ ‘ਚ ਵਾਹਣ ਨਾਲ ਤੇ ਬਦਾਮ ਖਾਣ ਨਾਲ ਹੀ ਫ਼ਾਇਦਿਆਂ ਦਾ ਪਤਾ ਲਗਦੈ : ਅਗਾਂਹਵਧੂ ਕਿਸਾਨ
ਪਟਿਆਲਾ, 3 ਅਕਤੂਬਰ: (ਰਮਨਦੀਪ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਿਰੁੱਧ ਕਿਸਾਨਾਂ ਨੂੰ ਜਾਗਰੂਕ ਕਰਨ ਲਈ ‘ਦਾ ਨੇਚਰ ਕੰਜ਼ਰਵੈਂਸੀ ਸੰਸਥਾ’ (ਟੀ.ਐਨ.ਸੀ) ਵੱਲੋਂ ਚਲਾਈਆਂ ਗਈਆਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ‘ਦਾ ਨੇਚਰ ਕੰਜ਼ਰਵੈਂਸੀ ਸੰਸਥਾ’ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਅਜਿਹੇ 2500 ਕਿਸਾਨਾਂ ਨੂੰ ਨਾਲ ਜੋੜਿਆ ਗਿਆ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਤੇ ਇਸ ਸੰਸਥਾ ਵੱਲੋਂ ਅਜਿਹੇ ਕਿਸਾਨਾਂ ਨੂੰ ਕੁਝ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਅਹਿਦ ਲੈਣ ਵਾਲੇ ਕਿਸਾਨਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾ ਹੀ ਹਦਾਇਤਾਂ ਜਾਰੀ ਕੀਤੀਆਂ ਗਈ ਹਨ ਕਿ ਜਿਨ੍ਹਾਂ ਕੋਲ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਹੈ ਤਾਂ ਉਹ ਉਸ ਮਸ਼ੀਨਰੀ ਨੂੰ ਮਫ਼ਤ ਜਾਂ ਫੇਰ ਕਿਰਾਏ ਉਤੇ ਅਜਿਹੇ ਕਿਸਾਨਾਂ ਨੂੰ ਜ਼ਰੂਰ ਮੁਹੱਈਆ ਕਰਵਾਉਣ ਜਿਨ੍ਹਾਂ ਕੋਲ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਨਹੀਂ ਹੈ। ਸਾਕਸ਼ੀ ਸਾਹਨੀ ਨੇ ਹੋਰਨਾ ਸਮਾਜ ਸੇਵਾ ਸੰਸਥਾਵਾਂ ਨੂੰ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜਾਗਰੂਕਤਾ ਵੈਨ ਨਾਲ ਸੰਸਥਾ ਵੱਲੋਂ ਅਜਿਹੇ ਅਗਾਂਹਵਧੂ ਕਿਸਾਨ ਵੀ ਭੇਜੇ ਜਾ ਰਹੇ ਹਨ ਜੋ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਲਈ ਆਪਣੇ ਤਜ਼ਰਬੇ ਸਾਂਝੇ ਕਰਨਗੇ। ਇਸ ਮੌਕੇ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿਚ ਹੀ ਵਾਹ ਕੇ ਖਾਦ ਬਣਾ ਰਹੇ ਹਨ, ਜਿਸ ਨਾਲ ਜਿਥੇ ਮਿੱਟੀ ਦੀ ਉਪਰੀ ਪਰਤ ਸੜਨ ਕਾਰਨ ਹੁੰਦੇ ਨੁਕਸਾਨ ਤੋਂ ਬਚਾਅ ਹੋਇਆ ਹੈ ਤੇ ਮਿੱਤਰ ਕੀੜੇ ਬਚਣ ਸਦਕਾ ਮਿੱਟੀ ਦੀ ਉਪਜਾਊ ਸ਼ਕਤੀ ਵਧੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਵਾਹੁਣ ਨਾਲ ਤੇ ਬਦਾਮ ਖਾਣ ਨਾਲ ਹੀ ਪਤਾ ਲਗਦਾ ਹੈ ਕਿ ਇਨ੍ਹਾਂ ਦੇ ਕੀ ਫਾਇਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਣ ਬਚਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਮੌਕੇ ਟੀ.ਐਨ.ਸੀ ਦੇ ਪ੍ਰੋਜੈਕਟ ਡਾਇਰੈਕਟਰ ਡਾ. ਗੁਰੂ ਕੋਪਾ ਨੇ ਕਿਹਾ ਕਿ ਇਸ ਸੰਸਥਾ ਦਾ ਉਦੇਸ਼ ਪ੍ਰਾਣਾ-ਪੁਨਰ ਉਤਪਤੀ ਤੇ ਬਿਨ੍ਹਾਂ ਸਾੜਨ ਵਾਲੀ ਖੇਤੀ ਨੂੰ ਉਤਸ਼ਾਹਤ ਕਰਨਾ ਹੈ ਜਿਸ ਕਰਕੇ ਜੈਵਿਕ ਕਾਰਬਨ ਦੇ ਵਧਣ ਨਾਲ ਮਿੱਟੀ ਵਿਚ ਪਾਣੀ ਜੀਰਨ ਦੀ ਸਮਰੱਥਾ ਵਧਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ, ਟੀ.ਐਨ.ਸੀ. ਤੋਂ ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ, ਰੀਚਾ ਨਾਗਪਾਲ, ਬਲਵਿੰਦਰ ਸਿੰਘ, ਪਿੰਡ ਅਲੂਣਾ ਦੇ ਕਿਸਾਨ ਸਤਿੰਦਰ ਸਿੰਘ ਤੇ ਕੁਲਦੀਪ ਸਿੰਘ ਵੀ ਮੌਜੂਦ ਸਨ।

