ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ‘ਰਚਨਾਤਮਕ ਲੇਖਣੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਵਿੱਚ ਸ਼ਿਰਕਤ
ਪਟਿਆਲਾ 6 ਫਰਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਅੰਗਰੇਜ਼ੀ, ਸਭਿਆਚਾਰਕ ਅਧਿਅਨ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋ ਆਨਲਾਈਨ ਨੈਸ਼ਨਲ ਲੈਕਚਰ ਸੀਰੀਜ਼-’ਵਰਡਸ ਅਨਲਿਮਟਿਡ’ ਦੇ ਤਹਿਤ ਦੂਜਾ ਲੈਕਚਰ ਆਯੋਜਿਤ ਕੀਤਾ, ਇਹ ਲੈਕਚਰ ਪ੍ਰੋ. ਜਸਪ੍ਰੀਤ ਕੌਰ, ਡੀਨ ਭਾਸਾਵਾਂ ਅਤੇ ਮੁਖੀ ਅੰਗਰੇਜ਼ੀ, ਸਭਿਆਚਾਰਕ ਅਧਿਐਨ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਵੱਲੋ ਦਿੱਤਾ ਗਿਆ । ਇਸ ਵਿਚ ਕਾਲਜ ਦੇ ਵੱਖ-ਵੱਖ ਸਟਰੀਮ ਦੇ ਲਗਭਗ 93 ਵਿਦਿਆਰਥੀਆਂ ਨੇ ਭਾਗ ਲਿਆ। ਲੈਕਚਰ ਅੰਤ ਵਿੱਚ, ਵਿਦਿਆਰਥੀਆਂ ਨੂੰ 10 ਪ੍ਰਸ਼ਨਾਂ ਦੀ ਕੁਇਜ਼ ਹੱਲ ਕਰਨ ਲਈ ਦਿੱਤੀ ਗਈ ਅਤੇ 80% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
ਪ੍ਰੋ: ਜਸਪ੍ਰੀਤ ਕੌਰ ਨੇ ਰਚਨਾਤਮਕ ਲੇਖਣ ਦੀ ਪ੍ਰਕਿਰਿਆ ਵਿਚ ਸ਼ਾਮਲ ਵੱਖ-ਵੱਖ ਤੱਤਾਂ ਜਿਵੇਂ ਕਿ ਪਾਤਰ, ਕਥਾਨਕ, ਸੈਟਿੰਗ ਅਤੇ ਪਲਾਟ ਯੰਤਰ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਕਹਾਣੀਆਂ ਵਿਚ ਵਰਤੇ ਜਾਂਦੇ ਵੱਖ-ਵੱਖ ਕਿਸਮਾਂ ਦੇ ਟਕਰਾਅ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਨੁਕਤਿਆਂ ’ਤੇ ਚਾਨਣਾ ਪਾਇਆ ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਪੇਸ਼ਕਾਰੀ ਵਿੱਚ ਮਸ਼ਹੂਰ ਸਾਹਿਤਕ ਰਚਨਾਵਾਂ ਅਤੇ ਸਮਕਾਲੀ ਫਿਲਮਾਂ ਦੇ ਹਵਾਲੇ ਵੀ ਸ਼ਾਮਲ ਕੀਤੇ ਗਏ।
ਖਾਲਸਾ ਕਾਲਜ, ਪਟਿਆਲਾ ਦੇ ਪਿ੍ਰੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਰਚਨਾਤਮਕ ਲੇਖਣੀ ਅਸਲ ਵਿੱਚ ਕੀ ਹੈ। ਜਿਹੜੇ ਵਿਦਿਆਰਥੀ ਲਿਖਣ ਦੇ ਹੁਨਰ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਸੂਝ ਭਰਪੂਰ ਲੈਕਚਰ ਤੋਂ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਰਚਨਾਤਮਕ ਲੇਖਣੀ ਵਿੱਚ ਆਪਣੇ ਆਪ ਨੂੰ ਵੱਧ ਤੋਂ ਵੱਧ ਸ਼ਾਮਲ ਕਰਨਗੇ ਅਤੇ ਸਮਾਜ ਲਈ ਲਾਹੇਵੰਦ ਯੋਗਦਾਨ ਪਾਉਣਗੇ।

