ਪਟਿਆਲਾ

ਡਿਪਟੀ ਕਮਿਸ਼ਨਰ ਨੇ ਸੀ.ਐਸ.ਆਰ ਗਤੀਵਿਧੀਆਂ ਤਹਿਤ ਐਸ.ਬੀ.ਆਈ ਵਲੋਂ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਨੂੰ ਦਿੱਤੇ ਨਵੇਂ ਸਿਖਲਾਈ ਉਪਕਰਣਾਂ ਦਾ ਉਦਘਾਟਨ ਕੀਤਾ

ਪਟਿਆਲਾ, 18 ਮਾਰਚ: (ਰਮਨਦੀਪ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇਥੇ ਭਾਦਸੋਂ ਰੋਡ ‘ਤੇ ਸਥਿਤ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਨੂੰ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਦਿੱਤੇ ਗਏ ਨਵੇਂ ਸਿਖਲਾਈ ਉਪਕਰਣਾਂ ਦਾ ਉਦਘਾਟਨ ਕੀਤਾ। ਬੈਂਕ ਨੇ 5.00 ਲੱਖ ਰੁਪਏ ਦੇ ਸਿਖਲਾਈ ਉਪਕਰਣ ਸਿਖਰਲੇ ਦਰਜੇ ਵਾਲੇ ਪਟਿਆਲਾ ਆਰਸੇਟੀ ਵਿੱਚ ਸਿਖਲਾਈ ਸਹੂਲਤਾਂ ਨੂੰ ਵਧਾਉਣ ਲਈ ਦਿੱਤੇ ਹਨ, ਜਿਸ ਵਿੱਚ ਮਧੂ ਮੱਖੀ ਪਾਲਣ, ਕੰਪਿਊਟਰਾਈਜ਼ਡ ਅਕਾਊਂਟੈਂਸੀ, ਬਿਊਟੀ ਪਾਰਲਰ, ਜੂਟ ਬੈਗ ਬਣਾਉਣ ਅਤੇ ਆਡੀਓ ਵੀਡੀਓ ਏਡਜ਼ ਨਾਲ ਸਬੰਧਤ ਉਪਕਰਣ ਸ਼ਾਮਲ ਹਨ।

ਇਸ ਮੌਕੇ ਸਾਕਸ਼ੀ ਸਾਹਨੀ ਨੇ ਕਿਹਾ ਕਿ ਆਰਸੇਟੀ ਪਟਿਆਲਾ ਉੱਦਮੀ ਵਿਕਾਸ ਲਈ ਹੁਨਰ ਸਿਖਲਾਈ ਦੇ ਕੇ ਪੇਂਡੂ ਖੇਤਰਾਂ ਦੇ ਵਸਨੀਕਾਂ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਉਹਨਾਂ ਆਰਸੇਟੀ ਉਮੀਦਵਾਰਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਆਨਲਾਈਨ ਮਾਰਕੀਟਿੰਗ ‘ਤੇ ਵੀ ਜ਼ੋਰ ਦੇਣ ਲਈ ਕਿਹਾ। ਉਹਨਾਂ ਮਧੂ ਮੱਖੀ ਪਾਲਣ, ਕੰਪਿਊਟਰਾਈਜ਼ਡ ਅਕਾਊਂਟੈਂਸੀ, ਬਿਊਟੀ ਪਾਰਲਰ ਮੈਨੇਜਮੈਂਟ ਅਤੇ ਬੈਂਕ ਮਿੱਤਰਾ ਅਧੀਨ ਚੱਲ ਰਹੇ ਸਿਖਿਆਰਥੀਆਂ ਦੇ ਨਾਲ-ਨਾਲ ਆਰਸੇਟੀ ਪਟਿਆਲਾ ਦੇ ਸਫਲ ਸਿਖਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਕੰਮ ਵਿੱਚ ਉੱਤਮਤਾ ਲਈ ਆਰਸੇਟੀ ਪਟਿਆਲਾ ਨੂੰ ISO:9001:2015 ਦਾ ਸਰਟੀਫਿਕੇਟ ਵੀ ਸੌਂਪਿਆ।

ਜ਼ਿਕਰਯੋਗ ਹੈ ਕਿ ਸਟੇਟ ਬੈਂਕ ਔਫ ਇੰਡੀਆ ਦੀ ਆਰਸੇਟੀ ਪਟਿਆਲਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀਆਂ ਸਾਰੀਆਂ 17 ਆਰਸੇਟੀਆਂ ਵਿੱਚੋਂ ਪਹਿਲੇ ਸਥਾਨ ‘ਤੇ ਹੈ। ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਨੇ ਪਿਛਲੇ ਦੋ ਸਾਲਾਂ ਦੀ ਸਾਲਾਨਾ ਗਰੇਡਿੰਗ ਵਿੱਚ ਇਸ ਇੰਸਟੀਟਯੂਟ ਨੂੰ 200/200 ਅੰਕ ਦਿੱਤੇ ਹਨ। ਇਸ ਮੌਕੇ ਐਸ.ਬੀ.ਆਈ ਚੀਫ ਮੈਨੇਜਰ ਗੁਰਪ੍ਰੀਤ ਕੌਰ, ਮੈਨੇਜਰ ਕੋਮਲ ਪੁਰੀ, ਐਨ.ਏ.ਆਰ, ਬੰਗਲੌਰ ਤੋਂ ਮੁਲਾਂਕਣ ਅਧਿਕਾਰੀ ਜਸਬੀਰ ਸਿੰਘ, ਡਾਇਰੈਕਟਰ ਐਸ.ਬੀ.ਆਈ ਆਰਸੇਟੀ ਰਾਜੀਵ ਸਰਹਿੰਦੀ, ਐਲ.ਡੀ.ਐਮ ਦਫ਼ਤਰ ਤੋਂ ਕੰਵਲਜੀਤ ਸਿੰਘ, ਨਵਤੇਜ ਸਿੰਘ ਭੱਟੀ ਤੇ ਆਰਸੇਟੀ ਪਟਿਆਲਾ ਦੇ ਸਟਾਫ ਚੰਦਨ ਪੁਨੀਤ ਸਿੰਘ, ਬਲਜਿੰਦਰ ਸਿੰਘ, ਅਮਨਪ੍ਰੀਤ ਸ਼ਰਮਾ, ਅਜੈ ਕੁਮਾਰ ਅਤੇ ਅਰਵਿੰਦ ਕੁਮਾਰ ਹਾਜ਼ਰ ਰਹੇ।

Leave a Reply

Your email address will not be published. Required fields are marked *