ਰਾਜਸਥਾਨ: ਰਿਸ਼ਵਤ ਮਾਮਲੇ ’ਚ ਪਤੀ ਦੀ ਗ੍ਰਿਫ਼ਤਾਰੀ ਮਗਰੋਂ ਜੈਪੁਰ ਦੀ ਮੇਅਰ ਮੁਅੱਤਲ
ਮੇਅਰ ਮੁਨੇਸ਼ ਗੁਰਜਰ ਨੇ ਘਟਨਾਕ੍ਰਮ ਨੂੰ ਸਿਆਸੀ ਸਾਜ਼ਿਸ਼ ਦੱਸਿਆ
ਜੈਪੁਰ, 6 ਅਗਸਤ (ਮਧੂਸਾਰ ਬਿਊਰੋ) ਰਾਜਸਥਾਨ ਸਰਕਾਰ ਨੇ ਜੈਪੁਰ ਦੀ ਮੇਅਰ ਮੁਨੇਸ਼ ਗੁਰਜਰ ਨੂੰ ਜ਼ਮੀਨ ਦੀ ਲੀਜ਼ ਜਾਰੀ ਕਰਨ ਨਾਲ ਜੁੜੇ ਰਿਸ਼ਵਤ ਕੇਸ ਵਿੱਚ ਉਨ੍ਹਾਂ ਦੇ ਪਤੀ ਸੁਸ਼ੀਲ ਗੁਰਜਰ ਦੀ ਗ੍ਰਿਫਤਾਰੀ ਮਗਰੋਂ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਮੁਨੇਸ਼ ਨੇ ਇਸ ਪੂਰੇ ਘਟਨਾਕ੍ਰਮ ਨੂੰ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ‘ਸਿਆਸੀ ਸਾਜ਼ਿਸ਼’ ਕਰਾਰ ਦਿੱਤਾ ਹੈ। ਸਥਾਨਕ ਸਰਕਾਰ ਵਿਭਾਗ ਨੇ ਮੁਅੱਤਲੀ ਸਬੰਧੀ ਹੁਕਮ ਸ਼ਨਿੱਚਰਵਾਰ ਰਾਤ ਦੀ ਜਾਰੀ ਕਰ ਦਿੱਤੇ ਸਨ। ਜੈਪੁਰ ਹੈਰੀਟੇਜ ਮਿਉਂਸਿਪਲ ਕਾਰਪੋਰੇਸ਼ਨ ਵਿੱਚ ਕਾਂਗਰਸ ਪਾਰਟੀ ਦਾ ਬੋਰਡ ਹੈ। ਐਂਟੀ ਕਰੱਪਸ਼ਨ ਬਿਊਰੋ ਨੇ ਮੇਅਰ ਦੇ ਪਤੀ ਸੁਸ਼ੀਲ ਗੁਰਜਰ ਤੇ ਦੋ ਹੋਰਨਾਂ ਦਲਾਲਾਂ- ਨਰਾਇਣ ਸਿੰਘ ਤੇ ਅਨੀਲ ਦੂੁਬੇ ਨੂੰ ਜ਼ਮੀਨ ਦੀ ਲੀਜ਼ ਜਾਰੀ ਕਰਨ ਬਦਲੇ ਕਥਿਤ ਦੋ ਲੱਖ ਰੁਪਏ ਦੀ ਰਿਸ਼ਵਤ ਲੈਣ ਲਈ ਸ਼ੁੱਕਰਵਾਰ ਰਾਤ ਗ੍ਰਿਫ਼ਤਾਰ ਕੀਤਾ ਸੀ। ਮਗਰੋਂ ਗੁਰਜਰ ਦੇ ਘਰ ਦੀ ਤਲਾਸ਼ੀ ਦੌਰਾਨ 40 ਲੱਖ ਦੀ ਨਕਦੀ ਤੇ ਲੀਜ਼ ਨਾਲ ਸਬੰਧਤ ਫਾਈਲ ਬਰਾਮਦ ਹੋਈ ਸੀ। ਨਰਾਇਣ ਸਿੰਘ ਦੇ ਘਰੋਂ ਵੀ 8 ਲੱਖ ਰੁਪਈ ਦੀ ਨਕਦੀ ਮਿਲੀ ਸੀ।

