ਪੰਜਾਬਪਟਿਆਲਾ

ਨਸ਼ਿਆਂ ਦੀ ਸਪਲਾਈ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਕੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ: ਮੀਨਾ

ਫ਼ਤਹਿਗੜ੍ਹ ਸਾਹਿਬ, 6 ਜੂਨ (ਮਧੂਸਾਰ ਬਿਊਰੋ) ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਇੱਕ ਅਹਿਮ ਕਦਮ ਪੁੱਟਦੇ ਹੋਏ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ ਮੁਖੀ ਨਾਈਜੀਰੀਅਨ ਨਾਗਰਿਕ ਈਬੂਕਾ ਉਰਫ ਪ੍ਰਿੰਸ ਪੁੱਤਰ ਇਮੀਚਿਬੇ ਵਾਸੀ ਓਸੋਡੀ ਸਟੇਟ ਲਾਮੋਸ ਨਾਈਜੀਰੀਆ, ਜੋ ਕਿ ਹੁਣ ਗਲੀ ਨੰ: 17, ਵਿਪਨ ਗਾਰਡਨ ਉਤਮ ਨਗਰ ਨਵੀਂ ਦਿੱਲੀ ਵਿਖੇ ਰਹਿੰਦਾ ਹੈ, ਅਤੇ ਉਸ ਦੇ ਤਿੰਨ ਭਾਰਤੀ ਸਾਥੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 500 ਗ੍ਰਾਮ ਹੈਰੀਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦਾ ਖਾਤਮਾ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਐਸ.ਪੀ. (ਜਾਂਚ) ਸ਼੍ਰੀ ਹਰਪਾਲ ਸਿੰਘ ਅਤੇ ਡੀ.ਐਸ.ਪੀ. ਅਮਲੋਹ ਸ਼੍ਰੀ ਮਨਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਮੁੱਖ ਥਾਣਾ ਅਫਸਰ ਅਮਲੋਹ ਇੰਸਪੈਕਟਰ ਕੁਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਪਿੰਡ ਸੌਂਟੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਗੋਬਿੰਦਗੜ੍ਹ ਸਾਈਡ ਤੋਂ ਇੱਕ ਸਫੇਦ ਰੰਗ ਦੀ ਕਾਰ ਆਈ. 20 ਨੰਬਰ ਪੀ.ਬੀ.-23-ਡਬਲਿਊ-9946 ਆਈ, ਜਿਸ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਕਾਬੂ ਕਰਕੇ ਕਥਿਤ ਦੋਸ਼ੀਆਂ ਦੀ ਤਲਾਸ਼ੀ ਕੀਤੀ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਅਮਿਤ ਕੁਮਾਰ ਸ਼ਰਮਾ, ਗੁਰਜੰਟ ਸਿੰਘ ਤੇ ਇੱਕ ਔਰਤ ਦੀ ਤਲਾਸ਼ੀ ਕਰਨ ‘ਤੇ ਉਨ੍ਹਾਂ ਪਾਸੋਂ ਕੁੱਲ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ‘ਤੇ ਪੁਲਿਸ ਟੀਮ ਨੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22-61-85 ਤਹਿਤ ਮੁਕੱਦਮਾ ਨੰ: 58 ਮਿਤੀ 1-6-18 ਨੂੰ ਥਾਣਾ ਅਮਲੋਹ ਵਿਖੇ ਦਰਜ਼ ਕੀਤਾ ਗਿਆ।
ਸ਼੍ਰੀਮਤੀ ਮੀਨਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਮਲੋਹ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਕਥਿਤ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਇਹ ਨਸ਼ੀਲਾ ਪਾਊਡਰ (ਹੈਰੋਇਨ) ਇੱਕ ਨਾਈਜੀਰੀਅਨ ਨਾਗਰਿਕ ਈਬੂਕਾ ਉਰਫ ਪ੍ਰਿੰਸ ਪੁੱਤਰ ਇਮੀਚਿਬੇ ਵਾਸੀ ਓਸੋਡੀ ਸਟੇਟ ਲਾਮੋਸ ਨਾਈਜੀਰੀਆ ਜੋ ਕਿ ਹੁਣ ਗਲੀ ਨੰ: 17, ਵਿਪਨ ਗਾਰਡਨ ਉਤਮ ਨਗਰ ਨਵੀਂ ਦਿੱਲੀ ਵਿਖੇ ਰਹਿੰਦਾ ਹੈ, ਤੋਂ ਲਿਆ ਕੇ ਅਮਲੋਹ, ਗੋਬਿੰਦਗੜ੍ਹ ਅਤੇ ਖੰਨਾ ਦੇ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਅਮਿਤ ਕੁਮਾਰ ਸ਼ਰਮਾ ਦੀ ਪੁੱਛਗਿਛ ਅਤੇ ਨਿਸ਼ਾਨਦੇਹੀ ‘ਤੇ ਇੰਸਪੈਕਟਰ ਕੁਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦਿੱਲੀ ਪੁੱਜ ਕੇ ਈਬੂਕਾ ਉਰਫ ਪ੍ਰਿੰਸ ਨੂੰ ਕਾਬੂ ਕੀਤਾ ਜਿਸ ਪਾਸੋਂ 350 ਗ੍ਰਾਮ ਨਸ਼ੀਲਾ ਪਾਊਡਰ (ਹੈਰੋਇਨ) ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਅਮਿਤ ਕੁਮਾਰ ਸ਼ਰਮਾ ਅਤੇ ਗੁਰਜੰਟ ਸਿੰਘ ‘ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਦੇ ਕਈ ਮਾਮਲੇ ਦਰਜ਼ ਹਨ ਜਿਨ੍ਹਾਂ ਵਿੱਚ ਕਥਿਤ ਦੋਸ਼ੀਆਂ ਪਾਸੋਂ ਪਹਿਲਾਂ ਵੀ ਹੈਰੋਇਨ, ਜਾਅਲੀ ਕਰੰਸੀ ਅਤੇ ਨਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਬਰਾਮਦ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਹਿਲਾਂ ਹੀ ਵੱਖ-ਵੱਖ ਮੁਕੱਦਮਿਆਂ ਵਿੱਚੋਂ ਜਮਾਨਤ ‘ਤੇ ਆਏ ਸਨ। ਜਿਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਵੱਲੋਂ ਨਸ਼ਾ ਸਪਲਾਈ ਦੀ ਚੇਨ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਇੰਚਾਰਜ ਸੀ.ਆਈ.ਏ. ਇੰਸਪੈਕਟਰ ਦਲਬੀਰ ਸਿੰਘ ਤੇ ਪੁਲਿਸ ਟੀਮ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤੇ ਅਗਲੀ ਤਫਤੀਸ਼ ਜਾਰੀ ਹੈ। ਇਸ ਮੌਕੇ ਐਸ.ਪੀ. (ਹੈ/ਕੁ) ਸ. ਰਵਿੰਦਰਪਾਲ ਸਿੰਘ ਸੰਧੂ ਵੀ ਮੌਜੂਦ ਸਨ।

Leave a Reply

Your email address will not be published. Required fields are marked *