‘ਆਪ’ ਦੀ ਸਰਕਾਰ ਬਣਨ ‘ਤੇ ਪੱਤਰਕਾਰਾਂ ਲਈ ਬਣਾਵਾਂਗੇ ਵਿਸ਼ੇਸ਼ ਨੀਤੀਆਂ : ਡਾ. ਬਲਬੀਰ ਸਿੰਘ
ਪਟਿਆਲਾ, 18 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਅਕਸਰ ਵੇਖਿਆ ਗਿਆ ਹੈ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਂਦੇ ਪੱਤਰਕਾਰਤਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਸਰਕਾਰਾਂ ਵਲੋਂ ਅਣਗੌਲਿਆ ਹੀ ਕੀਤਾ ਜਾਂਦਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਪੱਤਰਕਾਰਾਂ ਦੀਆਂ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨੇ ਆਪਣੇ ਗ੍ਰਹਿ ਵਿਖੇ ਇਕ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਮਾਜ ਦੀ ਤਰੱਕੀ ਅਤੇ ਬਰਾਬਰਤਾ ਲਈ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੁੰਦਾ ਹੈ। ਕਿਸੇ ਵੀ ਰਾਜ ਦੀ ਉਨਤੀ ਲਈ ਸਿਹਤ, ਸਿੱਖਿਆ, ਕਿਸਾਨੀ, ਉਦਯੋਗ, ਰੋਜ਼ਗਾਰ ਅਤੇ ਹੋਰ ਰੋਜ਼ਾਨਾ ਜੀਵਨ ਜਿਊਣ ਦੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਲੋਕਤੰਤਰ ਦੇ ਥੰਮ੍ਹ ਵਜੋਂ ਕੰਮ ਕਰ ਰਹੇ ਪੱਤਰਕਾਰਾਂ ਨੂੰ ਵੀ ਸਹੂਲਤਾਂ ਦੇਣ ਦੀ ਜ਼ਰੂਰਤ ਹੈ। ਪੱਤਰਕਾਰਾਂ ਨੂੰ ਸਮਾਜ ਦਾ ਆਇਨਾ ਜਾਣਿਆ ਜਾਂਦਾ ਹੈ। ਜੋ ਗਤੀਵਿਧੀਆਂ ਸਮਾਜ ਭਲਾਈ ਦੇ ਉਲਟ ਹੋ ਰਹੀਆਂ ਹੁੰਦੀਆਂ ਨੇ ਪੱਤਰਕਾਰ ਉਨ੍ਹਾਂ ਦੀ ਪੜਚੋਲ ਕਰਕੇ ਉਜਾਗਰ ਕਰਨ ਉਨ੍ਹਾਂ ਦੇ ਹੱਲ ਕੱਢਣ ਲਈ ਸਰਕਾਰਾਂ ਲਈ ਸਹਾਈ ਸਿੱਧ ਹੁੰਦੇ ਹਨ। ਪ੍ਰੰਤੂ ਸਿਆਸੀ ਪਾਰਟੀਆਂ ਕਾਫੀ ਹੱਦ ਤੱਕ ਪ੍ਰੈਸ ਦੇ ਸਹਾਰੇ ਸੱਤਾ ਹਾਸਲ ਕਰਨ ਵਿਚ ਕਾਮਯਾਬ ਹੋ ਜਾਂਦੀਆਂ ਹਨ ਤੇ ਪੱਤਰਕਾਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੱਤਰਕਾਰਾਂ ਦੀਆਂ ਲੰਮੇ ਸਮੇਂ ਤੋਂ ਲਟਕੀਆਂ ਮੰਗਾਂ ਜਿਵੇਂ ਮੁਫਤ ਬੱਸ ਪਾਸ ਦੀ ਸਹੂਲਤ, ਬੀਮਾ ਸਹੂਲਤ, ਟੋਲ ਟੈਕਸ, ਬੱਚਿਆਂ ਦੀ ਪੜ੍ਹਾਈ ਲਈ ਉਚਿਤ ਪ੍ਰਬੰਧ, ਮਹੀਨਾਵਾਰ ਮਿਹਨਤਾਨਾ, ਸਰਕਾਰੇ ਦਰਬਾਰੇ ਪੱਤਰਕਾਰਾਂ ਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਲਈ ਅਤੇ ਖਾਸ ਕਰ ਪੱਤਰਕਾਰਾਂ ਦੀ ਸੁਰੱਖਿਆ ਲਈ ਨਵੀਆਂ ਨੀਤੀਆਂ ਤਿਆਰ ਕਰ ਕੇ ਅਮਲ ਵਿਚ ਲਿਆਂਦਾ ਜਾਵੇਗਾ ਤਾਂ ਕਿ ਪੱਤਰਕਾਰ ਨਿਡਰ ਅਤੇ ਆਜ਼ਾਦ ਹੋ ਕੇ ਲੋਕਤੰਤਰ ਦੇ ਇਕ ਮਜ਼ਬੂਤ ਥੰਮ੍ਹ ਵਜੋਂ ਸਮਾਜ ਦੀ ਸੇਵਾ ਕਰ ਸਕਣ। ਇਸ ਮੌਕੇ ਜੇ. ਪੀ ਸਿੰਘ, ਸਰਬਜੀਤ ਉੱਖਲਾ, ਜਗਮੋਹਨ ਸਿੰਘ ਸੈਣੀ, ਪ੍ਰਦੀਪ ਜੋਸ਼ਨ, ਸੱਤਪਾਲ ਸੈਣੀ, ਕਰਨੈਲ ਸਿੰਘ ਸੇਖੋਂ, ਜਸਵੀਰ ਗਾਂਧੀ, ਕਮਲ, ਕੁਲਵੰਤ ਸਿੰਘ ਰਿਟ. ਕਾਰਜਕਾਰੀ ਇੰਜ:, ਕਰਨੈਲ ਸਿੰਘ ਸੇਖੋਂ, ਗੱਜਣ ਸਿੰਘ, ਮੁਖਤਿਆਰ ਸਿੰਘ ਗਿੱਲ, ਗੁਰਿੰਦਰ ਸਿੰਘ, ਮਹਿੰਦਰ ਸਿੰਘ ਅਤੇ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

