ਕਰਮਚਾਰੀਆਂ ਦੇ ਫੰਡਜ਼ ਦਾ ਇਕ ਇਕ ਰੁਪਿਆ ਵਸੂਲ ਕਰਾਂਗੇ : ਜਤਿੰਦਰ ਮੱਟੂ
ਯੂਨੀਵਰਸਿਟੀ ਨੇ ਰਿਲੀਜ਼ ਕੀਤੀ ਕਰਮਚਾਰੀਆਂ ਦੀ ਤਨਖਾਹ
ਪਟਿਆਲਾ 29 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਕੈਂਪਸ ਅਤੇ ਇਸਦੇ ਕੰਸਟੀਚਿਊਟ ਕਾਲਜਾਂ ਵਿਚ ਠੇਕਾ ਸਿਸਟਮ ਤਹਿਤ ਕੰਮ ਕਰਦੇ ਕਰਮਚਾਰੀਆਂ ਦੇ ਈ.ਪੀ.ਐਫ ਫੰਡਜ਼ ਦਾ ਇਕ ਇਕ ਰੁਪਿਆ ਵਸੂਲ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਨੇ ਰਜਿਸਟਰਾਰ ਡਾ. ਐਮ.ਐਸ.ਨਿੱਝਰ ਕੋਲ ਕਰਮਚਾਰੀਆਂ ਦੇ ਈ.ਪੀ.ਐਫ ਫੰਡਜ਼ ਦੀ ਅਦਾਇਗੀ ਵਾਲੇ ਮਾਮਲੇ ‘ਤੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਥਾਰਿਟੀ ਦਾ ਵੀ ਇਹ ਨੈਤਿਕ ਫਰਜ਼ ਹੈ ਕਿ ਉਹ ਨਿਗੁਣੀਆਂ ਜਿਹੀਆਂ ਤਨਖਾਹਾਂ ਉੱਪਰ ਕੰਮ ਕਰ ਰਹੇ ਕਰਮਚਾਰੀਆਂ ਦੀ ਤਨਖਾਹ ਵਿਚੋਂ ਕੱਟੇ ਉਨਾਂ ਦੇ ਫੰਡਜ਼ ਵਿਧੀਵਤ ਤਰੀਕੇ ਨਾਲ ਕਰਮਚਾਰੀਆਂ ਦੇ ਖਾਤੇ ਵਿਚ ਪਾਵੇ।
ਉਨਾਂ ਕਿਹਾ ਕਿ 5 ਹਜਾਰ ਤੋਂ 6 ਹਜਾਰ ਰੁਪਏ ਤਨਖਾਹ ਲੈ ਰਹੇ ਇਹ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਤਨਖਾਹ ਵਿਚੋਂ ਕੱਟੇ ਗਏ ਈ.ਪੀ.ਐਫ ਫੰਡਜ਼ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ ਪਰ ਯੂਨੀਵਰਸਿਟੀ ਅਥਾਰਿਟੀ ਇੰਨਾਂ ਕਰਮਚਾਰੀਆਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਸ ਮੌਕੇ ਰਜਿਸਟਰਾਰ ਡਾ. ਐਮ.ਐਸ.ਨਿੱਝਰ ਨੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਅਤੇ ਇਸ ਮੌਕੇ ਹਾਜਰ ਕਰਮਚਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਕਰਮਚਾਰੀ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਈ.ਪੀ.ਐਫ ਕਮਿਸ਼ਨਰ ਵਲੋਂ ਯੂਨੀਵਰਸਿਟੀ ਅਥਾਰਿਟੀ ਨੂੰ ਪੱਤਰ ਭੇਜ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਠੇਕਾ ਸਿਸਟਮ ਦੇ ਕਰਮਚਾਰੀਆਂ ਦੇ ਜਮਾ ਹੋਏ ਫੰਡਜ਼ ਬਿਲਕੁੱਲ ਠੀਕ ਹਨ। ਇਸ ਮੌਕੇ ਉਨਾਂ ਕਰਮਚਾਰੀਆਂ ਦੀ ਰਹਿੰਦੀ ਤਨਖਾਹ ਵੀ ਰਿਲੀਜ਼ ਕਰ ਦਿੱਤੀ। ਰਜਿਸਟਰਾਰ ਡਾ. ਐਮ.ਐਸ.ਨਿੱਝਰ ਨੇ ਵਿਸ਼ਵਾਸ਼ ਦਿਵਾਇਆ ਕਿ ਕਰਮਚਾਰੀਆਂ ਦੇ ਬਣਦੇ ਫੰਡਜ਼ ਉਨਾਂ ਨੂੰ ਦਿਵਾਏ ਜਾਣਗੇ ਇਸ ਲਈ ਯੂਨੀਵਰਸਿਟੀ ਕੰਮ ਕਰ ਰਹੀ ਹੈ। ਜਤਿੰਦਰ ਸਿੰਘ ਮੱਟੂ ਨੇ ਯੂਨੀਵਰਸਿਟੀ ਅਥਾਰਿਟੀ ਨੂੰ ਅਪੀਲ ਕੀਤੀ ਕਿ ਫੰਡਜ਼ ਦੀ ਰਾਸ਼ੀ ਕਢਵਾਉਣ ਲਈ ਕਿਸੇ ਵੀ ਕਰਮਚਾਰੀ ਨੂੰ ਕਿਸੇ ਏਜੰਸੀ ਕੋਲ ਨਾ ਜਾਣਾ ਪਵੇ ਇਸ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਹੀ ਕਰਮਚਾਰੀਆਂ ਦੇ ਫਾਰਮ ਭਰਵਾਏ ਜਾਣ ਤਾਂ ਜੋ ਫੰਡਜ਼ ਨੂੰ ਪ੍ਰਾਪਤ ਕਰਨ ਲਈ ਕਰਮਚਾਰੀਆਂ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਠੇਕਾ ਸਿਸਟਮ ਤਹਿਤ ਕੰਮ ਕਰਦੇ ਕਰਮਚਾਰੀਆਂ ਵਿਚ ਜਤਿੰਦਰ ਧਾਲੀਵਾਲ, ਸੰਦੀਪ ਕੁਮਾਰ, ਰਾਜੇਸ਼ ਕੁਮਾਰ, ਕੁਲਦੀਪ ਸਿੰਘ, ਤੋਂ ਇਲਾਵਾ ਗੁਰਜੰਟ ਸਿੰਘ, ਭੁਪਿੰਦਰ ਸਿੰਘ ਮਲਕੀਤ ਸਿੰਘ ਬੇਨੜਾ ਕਾਲਜ ਹਾਜਰ ਸਨ।

