ਪਟਿਆਲਾ

ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗੁਰੂ ਨਾਨਕ ਬਾਣੀ ਦਾ ਵਿਆਖਿਆ ਸ਼ਾਸਤਰ ਵਿਸ਼ੇ ‘ਤੇ ਕਰਵਾਈ ਵਰਕਸ਼ਾਪ

ਪਟਿਆਲਾ 3 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਭਾਰਤ ਸਰਕਾਰ ਦੁਆਰਾ ਸਥਾਪਿਤ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗੁਰੂ ਨਾਨਕ ਬਾਣੀ ਦਾ ਵਿਆਖਿਆ ਸ਼ਾਸਤਰ’ ਵਿਸ਼ੇ ‘ਤੇ ਕਰਵਾਈ ਜਾ ਰਹੀ 15 ਰੋਜ਼ਾ ਕਾਰਜਸ਼ਾਲਾ (ਵਰਕਸ਼ਾਪ) ਦਾ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐਸ. ਘੁੰਮਣ ਨੇ ਉਦਘਾਟਨ ਕੀਤਾ।

ਵਿਭਾਗ ਵਿਚ ਇਹ ਨਿਵੇਕਲੀ ਕਿਸਮ ਦੀ ਪਹਿਲੀ ਕਾਰਜਸ਼ਾਲਾ ਹੈ ਜਿਸ ਵਿਚ ਵਿਦਵਾਨ ਇਕੱਠੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਲਈ ਇਕ ਹਵਾਲਾ ਪੁਸਤਕ ਤਿਆਰ ਕਰਨਗੇ। ਉਨ੍ਹਾਂ ਇਸ ਮੌਕੇ ‘ਤੇ ਕਿਹਾ ਕਿ ਅਜੋਕੇ ਸੰਦਰਭ ਵਿਚ ਗੁਰਬਾਣ ਦੀ ਵਿਆਖਿਆ ਲਈ ਵਿਗਿਆਨਕ ਵਿਧੀਆਂ ਹੀ ਕਾਫੀ ਨਹੀਂ ਹਨ। ਆਧੁਨਿਕ ਵਿਧੀਆਂ ਦੁਆਰਾ ਪ੍ਰਾਪਤ ਕੀਤੇ ਗਏ ਨਤੀਜੇ ਇਕ ਪੱਖੀ ਹੁੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਕੇਵਲ ਬਾਹਰੀ ਗਿਆਨ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ। ਅਕਸਰ ਵਿਗਿਆਨੀ ਆਪਣੇ ਨਤੀਜਿਆਂ ਵਿਚ ਕਿਸੇ ਕਿਸਮ ਦਾ ਬਦਲਾਅ ਕਰਨ ਲਈ ਤਿਆਰ ਨਹੀਂ ਹੁੰਦੇ ਪਰ ਸਮਾਜ ਵਿਗਿਆਨ ਦੁਆਰਾ ਪ੍ਰਾਪਤ ਕੀਤੇ ਗਏ ਨਤੀਜੇ ਅੰਤਰਮੁਖੀ ਹੁੰਦੇ ਹਨ ਅਤੇ ਇਨ੍ਹਾਂ ਵਿਚ ਸਮੇਂ-ਸਮੇਂ ਬਦਲਾਅ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਅਧਾਰ ‘ਤੇ ਉਨ੍ਹਾਂ ਨੇ ਗੁਰੂ ਨਾਨਕ ਬਾਣੀ ਦੀ ਪੁਨਰ ਵਿਆਖਿਆ ਦੀ ਪ੍ਰੋੜ੍ਹਤਾ ਕੀਤੀ ਅਤੇ ਇਸ ਗੱਲ ‘ਤੇ ਤਸੱਲ ਪ੍ਰਗਟ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦਾ ਧਰਮ ਅਧਿਐਨ ਵਿਭਾਗ ਅਕਾਦਮਿਕ ਪੱਧਰ ‘ਤੇ ਗੁਰਬਾਣੀ ਦੀਆਂ ਨਵੀਆਂ ਅੰਤਰ ਦ੍ਰਿਸ਼ਟੀਆਂ ‘ਤੇ ਖੋਜ ਕਰ ਰਿਹਾ ਹੈ।
ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਵਰਕਸ਼ਾਪ ਦੇ ਟੀਚਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਗੁਰਬਾਣੀ ਸੱਚਾ ਗਿਆਨ ਹੈ ਜਿਸ ਨੂੰ ਸਮਝਣ ਲਈ ਵੱਖ-ਵੱਖ ਸਮੇਂ ‘ਤੇ ਯਤਨ ਹੁੰਦੇ ਆਏ ਹਨ। ਅਜੋਕੇ ਗਿਆਨ ਸ਼ਾਸਤਰ ਅਤੇ ਮੋਜੂਦਾ ਸਮੇਂ ਦੀਆਂ ਲੋੜਾਂ ਮੁਤਬਿਕ ਗੁਰਬਾਣੀ ਦੀ ਗੁਰਮਤਿ ਪ੍ਰਣਾਲੀ ਰਾਹੀਂ ਵਿਆਖਿਆ ਹੋਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਗੁਰਬਾਣੀ ਵਿਸ਼ੇਸ਼ ਕਰਕੇ ਗੁਰੂ ਨਾਨਕ ਚਿੰਤਨ ਨੂੰ ਅਜੋਕੇ ਸੰਦਰਭ ਵਿਚ ਸਮਝਣ ਦੀ ਜ਼ਰੂਰਤ ਹੈ। ਇਸ ਕਾਰਜਸ਼ਾਲਾ (ਵਰਕਸ਼ਾਪ) ਵਿਚ ਗੁਰਬਾਣੀ ਵਿਆਖਿਆ ਲਈ ਵਰਤੇ ਜਾਂਦੇ 200 ਤੋਂ ਵੱਧ ਮਹੱਤਵਪੂਰਨ ਸੰਕਲਪਾਂ ਦਾ ਵਿਸਤ੍ਰਿਤ ਟੀਕਾ ਤਿਆਰ ਕੀਤਾ ਜਾਵੇਗਾ। 50 ਵਿਦਵਾਨਾਂ ਵੱਲੋਂ ਵੱਖ-ਵੱਖ ਗਰੁੱਪਾਂ ਵਿਚ ਇਕੱਠੇ ਬੈਠ ਕੇ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਵੱਖ-ਵੱਖ ਸੰਕਲਪਾਂ ਦੀ ਵਿਆਖਿਆ ਕੀਤੀ ਜਾਵੇਗੀ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵਿਸ਼ੇਸ਼ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ, ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ, ਖ਼ਾਲਸਾ ਕਾਲਜ ਪਟਿਆਲਾ, ਯੂਨੀਵਰਸਿਟੀ ਕਾਲਜ ਮੀਰਾਂਪੁਰ, ਗੁਰਮਤਿ ਕਾਲਜ ਪਟਿਆਲਾ, ਤੋਂ ਸ਼ਿਰਕਤ ਕਰ ਰਹੇ ਵਿਦਵਾਨਾਂ ਅਤੇ ਖੋਜਾਰਥੀਆਂ ਦਾ ਸਵਾਗਤ ਕੀਤਾ। ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਡੀਨ ਰਿਸਰਚ ਡਾ. ਜਸਪਾਲ ਕੌਰ ਨੇ ਵਰਕਸ਼ਾਪ ਦੇ ਸਿਰਲੇਖ ਦੀ ਸ਼ਲਾਘਾ ਕਰਦਿਆਂ ਇਸ ਦੀ ਅਜੋਕੇ ਸਮੇਂ ਵਿਚ ਮਹੱਤਤਾ ਨੂੰ ਬਿਆਨ ਕੀਤਾ ਅਤੇ ਕਿਹਾ ਕਿ ਗੁਰਬਾਣੀ ਦੀ ਵੱਖ-ਵੱਖ ਤਰ੍ਹਾਂ ਦੀ ਪ੍ਰਾਪਤ ਵਿਆਖਿਆ ਨਾਲ ਇਸ ਦਾ ਵਿਸ਼ਾ ਹੋਰ ਵੀ ਵੱਧ ਸਪਸ਼ਟ ਹੁੰਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਬਾਣੀ ਸੰਬੰਧੀ ਕਰਵਾਈ ਜਾ ਰਹੀ ਇਹ ਖੋਜ ਪ੍ਰਚਾਰਕਾਂ ਅਤੇ ਨੌਜਵਾਨਾਂ ਲਈ ਲਾਹੇਵੰਦ ਸਾਬਿਤ ਹੋਵੇਗੀ ਅਤੇ ਗੁਰਬਾਣੀ ਵਿਆਖਿਆ ਕਰਨ ਲਈ ਸਹਾਇਕ ਹੋਵੇਗੀ। ਇਸ ਮੌਕੇ ‘ਤੇ ਵਿਭਾਗ ਦੇ ਪ੍ਰੋਫੈਸਰ ਡਾ. ਮੁਹੰਮਦ ਹਬੀਬ, ਡਾ. ਗੁਰਮੇਲ ਸਿੰਘ, ਡਾ. ਅਰਵਿੰਦ ਰਿਤੂਰਾਜ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਜਸਵਿੰਦਰ ਸਿੰਘ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਤੋਂ ਡਾ. ਹਰਦੇਵ ਸਿੰਘ, ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਤੋਂ ਡਾ. ਕੁਲਵਿੰਦਰ ਸਿੰਘ ਕਵੀਸ਼ਰ, ਯੂਨੀਵਸਿਟੀ ਕਾਲਜ ਮੀਰਾਂਪੁਰ ਤੋਂ ਡਾ. ਤੇਜਿੰਦਰਪਾਲ ਸਿੰਘ, ਸਿੱਖ ਇਤਿਹਾਸ ਰਿਸਰਚ ਬੋਰਡ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਕਾਲਰ ਤੋਂ ਸਿਮਰਨਜੀਤ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗਿਆਨੀ ਜਸਬੀਰ ਸਿੰਘ ਅਤੇ ਵਿਭਾਗ ਦੇ ਖੋਜਾਰਥੀ ਹਾਜਰ ਹੋਏ।

Leave a Reply

Your email address will not be published. Required fields are marked *