ਪਸ਼ੂ ਪਾਲਣ ਵਿਭਾਗ ਸੀਡ ਫਾਰਮ ਕੁੱਲੇਮਾਜਰਾ ਦੇ ਕਰਮਚਾਰੀਆਂ ਵੱਲੋਂ ਤਨਖਾਹਾਂ ਨਾ ਮਿਲਣ ਕਾਰਣ ਲਾਇਆ ਪੱਕਾ ਮੋਰਚਾ
ਅਧਿਕਾਰੀਆਂ ਵੱਲੋਂ ਮੰਗਾਂ ਮੰਨਣ ਤੇ ਤਨਖਾਹਾਂ ਦੇਣ ਸੰਬੰਧੀ ਵਿਸ਼ਵਾਸ ਦਿਵਾਉਣ ਤੋਂ ਬਾਅਦ ਕੀਤਾ ਗਿਆ ਮੁੱਅਤਲ।
ਪਟਿਆਲਾ, 3 ਜੂਨ ( ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੀਡ ਫਾਰਮ ਕੁੱਲੇਮਾਜਰਾ ਦੇ ਕਰਮਚਾਰੀਆਂ ਵੱਲੋਂ ਤਨਖਾਹਾਂ ਨਾ ਮਿਲਣ ਕਾਰਣ ਲਾਇਆ ਪੱਕਾ ਮੋਰਚਾ ਯੂਨੀਅਨ ਆਗੂਆਂ ਤੇ ਪ.ਸ.ਸ.ਫ. ਦੇ ਜਿਲ੍ਹਾ ਆਗੂ ਰਣਧੀਰ ਸਿੰਘ ਬਹਿਰ, ਰਾਜਿੰਦਰ ਸਿੰਘ ਧਾਲੀਵਾਲ ਦੀ ਮੋਜੂਦਗੀ ਵਿੱਚ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ, ਅਸਿਸਟੈਂਟ ਡਾਇਰੈਕਟਰ ਰੋਣੀ ਫਾਰਮ ਡਾ. ਵਿਕਰਮ ਸਿੰਘ, ਅਸਿਸਟੈਂਟ ਡਾਇਰੈਕਟਰ ਡਾ. ਰਾਜੀਵ ਗਰੋਵਰ, ਸੁਪਟਰਡੈਂਟ ਰੋਣੀ ਫਾਰਮ ਜਗਦੀਸ਼ ਸਿੰਘ ਨਾਲ ਹੋਈ ਮੀਟਿੰਗ ਵਿੱਚ 10.06.2022 ਤੱਕ ਤਨਖਾਹਾਂ ਦੇਣ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਤੇ ਹੋਰ ਮੰਗਾਂ ਦੇ ਹੱਕ ਸੰਬੰਧੀ ਦਿੱਤੇ ਭਰੋਸੇ ਮਗਰੋਂ ਪੱਕਾ ਮੋਰਚਾ ਮੁਅੱਤਲ ਕਰ ਦਿੱਤਾ ਗਿਆ।
ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਅਰੁਣ ਕੁਮਾਰ, ਤਰਸੇਮ ਸਿੰਘ, ਅਮਰੀਕ ਸਿੰਘ, ਨਿਸ਼ਾ ਰਾਣੀ ਤੇ ਨਿਰਮਲਾ ਰਾਣੀ ਨੇ ਚਿਤਾਵਨੀ ਦਿੱਤੀ ਕਿ ਵਾਅਦਾ ਖਿਲਾਫੀ ਦੀ ਸੂਰਤ ਵਿੱਚ ਸੰਘਰਸ਼ ਮੁੜ ਆਰੰਭ ਕਰ ਦਿੱਤਾ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਉਪਰੋਕਤ ਅਧਿਕਾਰੀਆਂ ਦੀ ਹੋਵੇਗੀ। ਫੈਡਰੇਸ਼ਨ ਆਗੂ ਰਣਧੀਰ ਸਿੰਘ ਤੇ ਰਾਜਿੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਰਚਾ ਮੁੱਅਤਲ ਕਰਨ ਦਾ ਫੈਸਲਾ ਵਰਕਰਾਂ ਨੇ ਬੇ-ਜੁਬਾਨ ਜਾਨਵਰਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ ਤੇ ਆਸ ਪ੍ਰਗਟਾਈ ਕਿ ਹੋਏ ਸਮਝੋਤੇ ਅਨੁਸਾਰ ਅਧਿਕਾਰੀ ਸੰਜੀਦਾ ਰੁੱਖ ਅਪਣਾਉਣਗੇ ਤੇ ਤਨਖਾਹਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕਰਨਗੇ।
ਇਸ ਮੌਕੇ ਨਰਿੰਦਰ ਪਾਲ ਸਿੰਘ, ਪ੍ਰੇਮ ਸਿੰਘ, ਬੰਤ ਸਿੰਘ, ਕਸ਼ਮੀਰ ਸਿੰਘ, ਮਨਪ੍ਰੀਤ ਸਿੰਘ, ਮੋਹਨ ਲਾਲ ਤੇ ਜਗਤਾਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਤੇ ਜੱਥੇਬੰਦੀ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ- ਭਰਾਤਰੀ ਜੱਥੇਬੰਦੀ ਫੀਲਡ ਅਤੇ ਵਰਕਸ਼ਾਪ, ਵਰਕਰਜ਼ ਯੂਨੀਅਨ ਦੇ ਜੋਨ ਪ੍ਰਧਾਨ ਤੇ ਸਟੇਟ ਕਮੇਟੀ ਮੈਂਬਰ ਜਸਬੀਰ ਸਿੰਘ ਖੋਖਰ ਨੇ ਆਪਣੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਤੇ ਟੇਕ ਰੱਖਣ ਲਈ ਪ੍ਰੇਰਿਤ ਕੀਤਾ।

