ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਵੱਲੋਂ ਸਮਾਜਿਕ-ਰਾਜਨੀਤਿਕ ਅਧਿਐਨ ਲਈ ਪਟਿਆਲਾ ਦਾ ਦੌਰਾ
-ਫ਼ੌਜ ਦੇ ਬਿ੍ਰਗੇਡੀਅਰ ਪੱਧਰ ਦੇ ਅਧਿਕਾਰੀਆਂ ‘ਚ 6 ਵਿਦੇਸ਼ੀ ਮੁਲਕਾਂ ਦੇ ਅਧਿਕਾਰੀ ਵੀ ਸਨ ਸ਼ਾਮਲ
ਪਟਿਆਲਾ, 8 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਨੈਸ਼ਨਲ ਡਿਫੈਂਸ ਕਾਲਜ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਸਮਾਜਿਕ-ਰਾਜਨੀਤਿਕ ਅਧਿਐਨ ਲਈ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਬਿ੍ਰਗੇਡੀਅਰ ਯਸ਼ ਅਹਿਲਾਵਤ ਦੀ ਅਗਵਾਈ ਹੇਠਲੇ ਇਸ 24 ਮੈਂਬਰੀਂ ਵਫ਼ਦ ‘ਚ ਭਾਰਤੀ ਫ਼ੌਜ ਦੇ ਬਿ੍ਰਗੇਡੀਅਰ ਪੱਧਰ ਦੇ 18 ਅਧਿਕਾਰੀਆਂ ਤੋਂ ਇਲਾਵਾ ਯੂ.ਕੇ., ਨਾਇਜੀਰੀਆ, ਇਰਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਮਿਆਂਮਾਰ ਦੇ ਉੱਚ ਅਧਿਕਾਰੀ ਵੀ ਸ਼ਾਮਲ ਸਨ।
ਵਫ਼ਦ ਨੇ ਪਟਿਆਲਾ ਦੇ ਇਤਿਹਾਸਕ ਅਤੇ ਰਿਆਸਤੀ ਕਿਲਾ ਮੁਬਾਰਕ ਦਾ ਦੌਰਾ ਕਰਨ ਸਮੇਤ ਭੁੱਨਰਹੇੜੀ ਬਲਾਕ ਦੇ ਮਾਡਲ ਗ੍ਰਾਮ ਪੰਚਾਇਤ ਪਿੰਡ ਦੇਵੀਨਗਰ ਸਵਾਈ ਸਿੰਘ ਵਾਲਾ ਦਾ ਵੀ ਦੌਰਾ ਕਰਕੇ ਪਿੰਡ ‘ਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਵਫ਼ਦ ਵੱਲੋਂ ਜ਼ਿਲ੍ਹੇ ‘ਚ ਸਿਆਸੀ ਤੇ ਸਮਾਜਿਕ ਸਰੋਕਾਰਾਂ ਤੋਂ ਇਲਾਵਾ ਸੱਭਿਆਚਾਰਕ ਤੇ ਧਾਰਮਿਕ ਪੱਖਾ ਤੋਂ ਪ੍ਰਸ਼ਾਸਨ, ਸਰਕਾਰ ਤੇ ਅਮਨ-ਕਾਨੂੰਨ ਦੀ ਸਥਿਤੀ ਪਿੰਡ ਪੱਧਰ ‘ਤੇ ਬਰਕਰਾਰ ਰੱਖਣ ਲਈ ਅਧਿਐਨ ਕਰਨ ਵਾਸਤੇ ਇਹ ਦੌਰਾ ਕੀਤਾ ਗਿਆ ਹੈ। ਇਸ ਦੌਰੇ ਦੌਰਾਨ ਵਫ਼ਦ ਦੀ ਸਹਾਇਤਾ ਲਈ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਇੰਦਰ ਵਧਵਾ ਨੂੰ ਤਾਇਨਾਤ ਕੀਤਾ ਗਿਆ ਸੀ।
ਨੈਸ਼ਨਲ ਡਿਫੈਂਸ ਕਾਲਜ ਦੇ ਇਸ ਵਫ਼ਦ ਨੇ ਪਿੰਡ ਦੇਵੀਨਗਰ ਸਵਾਈਸਿੰਘ ਵਾਲਾ ਵਿਖੇ ਇਸ ਪਿੰਡ ਦੀ ਮਾਡਲ ਗ੍ਰਾਮ ਪੰਚਾਇਤ ਦੇ ਕੰਮ ਕਾਜ ਬਾਰੇ ਜਾਣਕਾਰੀ ਲੈਣ ਸਮੇਤ ਪਿੰਡ ‘ਚ ਠੋਸ ਤੇ ਤਰਲ ਕੂੜੇ ਦੇ ਨਿਪਟਾਰੇ ਲਈ ਲਗਾਏ ਗਏ ਪਲਾਂਟ, ਜਲ ਸਪਲਾਈ ਸਕੀਮ, ਸਹਿਕਾਰੀ ਸਭਾ, ਗਲੀਆਂ ‘ਚ ਲਗਾਈਆਂ ਲਾਇਟਾਂ ਤੇ ਗਲੀਆਂ ਆਦਿ ਤੋਂ ਇਲਾਵਾ ਪਿੰਡ ‘ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਪਿੰਡ ਦੀ ਸਰਪੰਚ ਨਿਰਮਲ ਕੌਰ ਤੇ ਪੰਚਾਇਤ ਮੈਂਬਰਾਂ ਤੇ ਮੋਹਤਬਰਾਂ ਚਰਨਜੀਤ ਸਿੰਘ, ਮੇਹਰ ਸਿੰਘ, ਜਸਬੀਰ ਸਿੰਘ, ਗੁਰਜੀਤ ਕੌਰ, ਪਰਵਿੰਦਰ ਕੌਰ, ਜਸਵਿੰਦਰ ਕੌਰ, ਲਖਮੀਰ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ, ਲਖਬੀਰ ਸਿੰਘ ਤੇ ਰੁਪਿੰਦਰ ਸਿੰਘ ਆਦ ਨੇ ਵਫ਼ਦ ਮੈਂਬਰਾਂ ਨੂੰ ਸਨਮਾਨਤ ਕਰਕੇ ਪਿੰਡ ‘ਚ ਕੀਤੇ ਜਾ ਰੇ ਕਾਰਜਾਂ ਤੋਂ ਜਾਣੂ ਕਰਵਾਇਆ।

